ਕਮਰਿਆਂ ਦੀਆਂ ਡਿੱਗੀਆਂ ਛੱਤਾਂ ਦਾ ਹਲਕਾ ਮੁਖੀ ਨੇ ਲਿਆ ਜਾਇਜ਼ਾ
ਤਿਉਣਾ ਵਿਖੇ ਗਰੀਬ ਮਜ਼ਦੂਰ ਪਰਿਵਾਰ ਦੇ ਕਮਰਿਆਂ ਦੀਆਂ ਛੱਤਾਂ ਡਿੱਗੀਆਂ
Publish Date: Sat, 02 May 2026 06:26 PM (IST)
Updated Date: Sun, 03 May 2026 04:12 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਹਲਕਾ ਬਠਿੰਡਾ ਦਿਹਾਤੀ ਅਧੀਨ ਆਉਂਦੇ ਪਿੰਡ ਤਿਉਣਾ ਵਿਖੇ ਬੀਤੇ ਕੱਲ੍ਹ ਦੁਪਹਿਰ ਅਚਾਨਕ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਦੋ ਕਮਰਿਆਂ ਦੀਆਂ ਛੱਤਾਂ ਡਿੱਗ ਗਈਆਂ। ਛੱਤਾਂ ਡਿੱਗਣ ਕਾਰਨ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਮਰਿਆਂ ਅੰਦਰ ਪਏ ਸਾਮਾਨ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਰਸਨ ਸਿੰਘ ਉਰਫ ਮੇਘਾ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਹੈ। ਸ਼ੁੱਕਰਵਾਰ ਦੁਪਹਿਰੇ ਉਸ ਦੇ ਘਰ ਦੀਆਂ ਛੱਤਾਂ ਅਚਾਨਕ ਡਿੱਗ ਗਈਆਂ, ਜਿਸ ਕਰਕੇ ਕਮਰਿਆਂ ਵਿੱਚ ਪਿਆ ਸਮਾਨ ਜਿਵੇਂ ਕਿ ਬੈੱਡ, ਪੱਖੇ, ਮੰਜੇ, ਭਾਂਡੇ, ਮੋਟਰਸਾਈਕਲ ਅਤੇ ਪੇਟੀ ਵਿੱਚ ਪਿਆ ਧੀਆਂ ਦੇ ਦਾਜ ਦਾ ਸਮਾਨ ਮਲਬੇ ਹੇਠ ਦੱਬ ਕੇ ਨੁਕਸਾਨਿਆ। ਪਰਸਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨਾਲ ਤੂੜੀ ਵਾਲੀ ਮਸ਼ੀਨ ਨਾਲ ਕੰਮ ’ਤੇ ਗਿਆ ਹੋਇਆ ਸੀ ਬਾਅਦ ਵਿੱਚ ਉਸ ਦੀਆਂ ਧੀਆਂ ਹੀ ਘਰ ’ਚ ਸਨ। ਜਦੋਂ ਹੀ ਉਸਦੀਆਂ ਧੀਆਂ ਬਾਹਰ ਕਿਸੇ ਕੰਮ ਲਈ ਕਮਰੇ ’ਚੋਂ ਨਿਕਲੀਆਂ ਤਾਂ ਤੁਰੰਤ ਛੱਤਾਂ ਡਿੱਗ ਪਈਆਂ, ਜਿਸ ਕਰਕੇ ਉਹ ਵਾਲ-ਵਾਲ ਬਚ ਗਈਆਂ। ਜ਼ਿਕਰਯੋਗ ਹੈ ਕਿ ਪਰਸਨ ਸਿੰਘ ਦੀ ਪਤਨੀ ਕੁਝ ਮਹੀਨੇ ਪਹਿਲਾਂ ਬਿਮਾਰੀ ਕਾਰਨ ਚੱਲ ਵਸੀ ਸੀ ਅਤੇ ਹੁਣ ਪਰਸਨ ਸਿੰਘ ਤੇ ਉਸਦਾ ਪੁੱਤਰ ਮਜ਼ਦੂਰੀ ਕਰਕੇ ਪਰਿਵਾਰ ਪਾਲ ਰਹੇ ਹਨ, ਜਿੱਥੇ ਹੁਣ ਪਰਸਨ ਸਿੰਘ ਨੇ ਆਪਣੀਆਂ ਧੀਆਂ ਨੂੰ ਵਿਆਹ ਕੇ ਤੋਰਨਾ ਸੀ ਹੁਣ ਰੱਬ ਨੇ ਇਹ ਕਹਿਰ ਢਾਹ ਦਿੱਤਾ ਹੈ। ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਵੀ ਪਰਸਨ ਸਿੰਘ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਪੁੱਜੇ ‘ਆਪ’ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਸੰਪਰਕ ਕੀਤਾ ਤੇ ਪਰਿਵਾਰ ਦੀ ਤੁਰੰਤ ਮਦਦ ਕਰਨ ਲਈ ਕਿਹਾ।