ਬਠਿੰਡਾ ਵਿੱਚ ‘ਡੇਂਗੂ ਤੇ ਵਾਰ’ ਮੁਹਿੰਮ ਤੇਜ਼, ਘਰ-ਘਰ ਸਰਵੇ ਕਰਕੇ ਲਾਰਵੇ ਦੀ ਜਾਂਚ

-ਲਾਪਰਵਾਹੀ ਵਰਤਣ ਵਾਲਿਆਂ ਨੂੰ ਨੋਟਿਸ, ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਡੇਂਗੂ ਅਤੇ ਮਲੇਰੀਆ ਵਰਗੀਆਂ ਖਤਰਨਾਕ ਬਿਮਾਰੀਆਂ ’ਤੇ ਕਾਬੂ ਪਾਉਣ ਲਈ ਬਠਿੰਡਾ ਵਿੱਚ ਸਿਹਤ ਵਿਭਾਗ ਨੇ ਆਪਣੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ‘ਡੇਂਗੂ ਤੇ ਵਾਰ’ ਅਭਿਆਨ ਤਹਿਤ ਹਰ ਸ਼ੁੱਕਰਵਾਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ, ਖ਼ਾਸ ਕਰਕੇ ਡੇਂਗੂ ਪ੍ਰਭਾਵਿਤ ਖੇਤਰਾਂ ਵਿੱਚ ਵਿਸ਼ੇਸ਼ ਸਰਵੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਅਗਵਾਈ ਸਿਵਲ ਸਰਜਨ ਡਾ. ਤਪਿੰਦਰਜੋਤ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਊਸ਼ਾ ਗੋਇਲ ਕਰ ਰਹੇ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ੁੱਕਰਵਾਰ ਨੂੰ ਵੱਖ-ਵੱਖ ਇਲਾਕਿਆਂ ਵਿੱਚ ਘਰ-ਘਰ ਜਾ ਕੇ ਸਰਵੇ ਕੀਤਾ ਗਿਆ। ਇਸ ਦੌਰਾਨ ਟੀਮਾਂ ਨੇ ਖੜ੍ਹੇ ਸਾਫ ਅਤੇ ਗੰਦੇ ਪਾਣੀ ਦੀ ਜਾਂਚ ਕੀਤੀ ਅਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਦੀ ਮੌਜੂਦਗੀ ਦੀ ਪੜਤਾਲ ਕੀਤੀ, ਜਿਨ੍ਹਾਂ ਘਰਾਂ ਵਿੱਚ ਲਾਰਵਾ ਮਿਲਿਆ, ਉੱਥੇ ਤੁਰੰਤ ਨੋਟਿਸ ਜਾਰੀ ਕਰਕੇ ਲੋਕਾਂ ਨੂੰ ਸਫਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਲਈ ਇਹ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਇਕ ਗੰਭੀਰ ਬਿਮਾਰੀ ਹੈ, ਪਰ ਸਮੇਂ ਸਿਰ ਸਾਵਧਾਨੀ ਬਰਤ ਕੇ ਇਸਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ। ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਸਰਵੇ ਦੌਰਾਨ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਘਰਾਂ ਦੇ ਆਲੇ-ਦੁਆਲੇ ਜਾਂ ਛੱਤਾਂ ‘ਤੇ ਰੱਖੇ ਕੂਲਰ, ਗਮਲੇ, ਫ੍ਰਿਜ ਦੀ ਟ੍ਰੇ, ਪੁਰਾਣੇ ਟਾਇਰ, ਪਾਣੀ ਦੇ ਬਰਤਨ ਜਾਂ ਹੋਰ ਕਬਾੜ ਵਿੱਚ ਜਮਾਂ ਪਾਣੀ ਡੇਂਗੂ ਮੱਛਰਾਂ ਦੇ ਪੈਦਾ ਹੋਣ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ। ਇਸ ਲਈ ਹਰ ਹਫ਼ਤੇ ਇਨ੍ਹਾਂ ਦੀ ਸਫਾਈ ਕਰਨਾ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗ ਨੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਸ਼ੁੱਕਰਵਾਰ ਨੂੰ ‘ਡ੍ਰਾਈ ਡੇ’ ਵਜੋਂ ਮਨਾਇਆ ਜਾਵੇ। ਇਸ ਦਿਨ ਘਰਾਂ ਅਤੇ ਦਫ਼ਤਰਾਂ ਵਿੱਚ ਮੌਜੂਦ ਸਾਰੇ ਪਾਣੀ ਦੇ ਸਰੋਤਾਂ ਨੂੰ ਖਾਲੀ ਕਰਕੇ ਸਾਫ ਕੀਤਾ ਜਾਵੇ। ਖ਼ਾਸ ਤੌਰ ‘ਤੇ ਕੂਲਰ, ਪਾਣੀ ਦੇ ਟੈਂਕ, ਪੰਛੀਆਂ ਲਈ ਰੱਖੇ ਬਰਤਨ ਅਤੇ ਹੋਰ ਥਾਵਾਂ ਦੀ ਨਿਯਮਿਤ ਸਫਾਈ ਯਕੀਨੀ ਬਣਾਈ ਜਾਵੇ। ਡਾ. ਗੋਇਲ ਨੇ ਇਹ ਵੀ ਦੱਸਿਆ ਕਿ ਜੇ ਕਿਸੇ ਵਿਅਕਤੀ ਵਿੱਚ ਡੇਂਗੂ ਦੇ ਲੱਛਣ ਨਜ਼ਰ ਆਉਣ, ਜਿਵੇਂ ਅਚਾਨਕ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿੱਛੇ ਦਰਦ ਜਾਂ ਚਮੜੀ ‘ਤੇ ਦਾਣੇ, ਤਾਂ ਉਸਨੂੰ ਤੁਰੰਤ ਨੇੜਲੇ ਸਿਹਤ ਕੇਂਦਰ ‘ਤੇ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਉਪਲੱਬਧ ਹੈ। ਸਿਹਤ ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਕਿ ਡੇਂਗੂ ਦੀ ਰੋਕਥਾਮ ਲਈ ਸਰਵੇ, ਫੌਗਿੰਗ ਅਤੇ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ, ਤਾਂ ਜੋ ਜ਼ਿਲ੍ਹੇ ਵਿੱਚ ਡੇਂਗੂ ਦੇ ਮਾਮਲਿਆਂ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕੇ। ਅੰਤ ਵਿੱਚ ਸਿਹਤ ਵਿਭਾਗ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਵਿੱਚ ਸਰਗਰਮ ਸਹਿਯੋਗ ਦੇਣ। ਵਿਭਾਗ ਦਾ ਮੰਨਣਾ ਹੈ ਕਿ ਲੋਕ ਭਾਗੀਦਾਰੀ ਤੋਂ ਬਿਨਾਂ ਡੇਂਗੂ ਵਰਗੀਆਂ ਬਿਮਾਰੀਆਂ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਸੰਭਵ ਨਹੀਂ ਹੈ।