ਅਮਨਦੀਪ ਕੌਰ ਨੇ 10 ਤੋਲੇ ਸੋਨਾ ਵਾਪਸ ਕਰ ਕੇ ਬਣਾਈ ਮਿਸਾਲ
ਨਸੀਬਪੁਰਾ ਦੀ ਅਮਨਦੀਪ ਕੌਰ ਨੇ 10 ਤੋਲੇ ਸੋਨਾ ਵਾਪਸ ਕਰਕੇ ਬਣਾਈ ਮਿਸਾਲ
Publish Date: Sat, 02 May 2026 05:59 PM (IST)
Updated Date: Sun, 03 May 2026 04:11 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਅੱਜ ਦੇ ਸਮੇਂ ਵਿੱਚ ਜਿੱਥੇ ਲੁੱਟ-ਖੋਹ ਅਤੇ ਧੋਖਾਧੜੀ ਦੀਆਂ ਖ਼ਬਰਾਂ ਆਮ ਹੋ ਚੁੱਕੀਆਂ ਹਨ, ਉੱਥੇ ਹੀ ਕਈ ਲੋਕ ਆਪਣੀ ਇਮਾਨਦਾਰੀ ਨਾਲ ਸਮਾਜ ’ਚ ਇਕ ਵੱਖਰੀ ਮਿਸਾਲ ਵੀ ਕਾਇਮ ਕਰ ਰਹੇ ਹਨ। ਇਸਦੀ ਤਾਜ਼ਾ ਮਿਸਾਲ ਪਿੰਡ ਨਸੀਬਪੁਰਾ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਪੇਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਪਤਨੀ ਦਰਸ਼ਨ ਸਿੰਘ ਬਠਿੰਡਾ ’ਚ ਕੀਲਨਜ਼ 24 ਵਿਖੇ ਕੰਮ ਕਰਦੀ ਹੈ, ਨੂੰ ਆਪਣੀ ਡਿਊਟੀ ਦੌਰਾਨ ਕਰੀਬ 10 ਤੋਲੇ ਸੋਨਾ ਮਿਲਿਆ। ਉਸਨੇ ਬਿਨਾਂ ਕਿਸੇ ਲਾਲਚ ਦੇ ਇਹ ਸੋਨਾ ਉਸਦੇ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤਾ। ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਪਰਿਵਾਰ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੋਵੇ। ਕੁਝ ਸਮਾਂ ਪਹਿਲਾਂ ਅਮਨਦੀਪ ਕੌਰ ਦੇ ਪਤੀ ਦਰਸ਼ਨ ਸਿੰਘ ਨੇ ਵੀ 4 ਤੋਲੇ ਸੋਨਾ ਵਾਪਸ ਕਰਕੇ ਨੇਕੀ ਦਾ ਕੰਮ ਕੀਤਾ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਤਲਵੰਡੀ ਸਾਬੋ ਤੋਂ ਇੰਚਾਰਜ ਰਵੀਪ੍ਰੀਤ ਸਿੰਘ ਨੇ ਅਮਨਦੀਪ ਕੌਰ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਮਾਜ ਲਈ ਪ੍ਰੇਰਣਾ ਹਨ ਤੇ ਨੌਜਵਾਨ ਪੀੜ੍ਹੀ ਨੂੰ ਵੀ ਇਨ੍ਹਾਂ ਤੋਂ ਸਿੱਖ ਲੈਣੀ ਚਾਹੀਦੀ ਹੈ। ਉਨ੍ਹਾਂ ਹੋਰ ਕਿਹਾ ਕਿ ਅਮਨਦੀਪ ਕੌਰ ਨੇ ਆਪਣੀ ਇਮਾਨਦਾਰੀ ਨਾਲ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪਿੰਡ ਨਸੀਬਪੁਰਾ ਅਤੇ ਪੂਰੇ ਹਲਕੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੱਪੜੇ ਡਰਾਈਕਲੀਨ ਕਰਵਾਉਣ ਸਮੇਂ ਸੋਨੇ ਦੇ ਦਸ ਤੋਲੇ ਗਹਿਣੇ ਵੀ ਨਾਲ ਆ ਗਏ ਸਨ, ਜਿਸ ਨੂੰ ਅਸਲੀ ਮਾਲਕਾਂ ਕੋਲ ਪਹੁੰਚਾਇਆ ਗਿਆ। ਇਸ ਮੌਕੇ ਤੇ ਗੁਰਵਿੰਦਰ ਕੌਰ/ਜਸ਼ਨਦੀਪ ਕੌਰ (ਦਰਸ਼ਨ ਸਿੰਘ ਧੀਆਂ), ਹਰਤਵਾਲ ਸਿੰਘ ਸੁੱਖੀ ਨਿੱਜੀ ਸਹਾਇਕ, ਦਵਿੰਦਰ ਸਿੰਘ ਕੋਟਬਖਤੂ, ਜਸਵਿੰਦਰ ਸਿੰਘ ਜ਼ੈਲਦਾਰ ਸਰਕਲ ਪ੍ਰਧਾਨ, ਐਡਵੋਕੇਟ ਸਤਿੰਦਰ ਸਿੱਧੂ, ਸੁਖਮੰਦਰ ਸਿੰਘ ਭਾਗੀਵਾਂਦਰ, ਅਮਨਦੀਪ ਸਿੰਘ ਟਾਂਡੀਆਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਅੱਜ ਸਨ।