ਕੁੱਟਮਾਰ ਤੇ ਟਰੈਕਟਰ ਦੀ ਭੰਨਣ ’ਤੇ 17 ਖ਼ਿਲਾਫ਼ ਪਰਚਾ
ਜ਼ਮੀਨੀ ਤਕਰਾਰ: ਕੁੱਟਮਾਰ ਅਤੇ ਟਰੈਕਟਰ ਦੀ ਭੰਨਤੋੜ ਕਰਨ ਦੇ ਦੋਸ਼ ਹੇਠ 17 'ਤੇ ਪਰਚਾ ਦਰਜ
Publish Date: Sat, 02 May 2026 05:25 PM (IST)
Updated Date: Sun, 03 May 2026 04:09 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਪਿੰਡ ਚਾਉਕੇ ਵਿਖੇ ਜ਼ਮੀਨੀ ਕਬਜ਼ੇ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਨੇ ਉਦੋਂ ਹਿੰਸਕ ਰੂਪ ਧਾਰ ਲਿਆ ਜਦੋਂ ਖੇਤ ਵਿੱਚ ਕੰਮ ਕਰ ਰਹੇ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ। ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਇਸ ਮਾਮਲੇ ’ਚ 17 ਦੇ ਕਰੀਬ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿੱਚ ਪੀੜਤ ਗੁਰਚੇਤ ਸਿੰਘ ਵਾਸੀ ਚਾਉਕੇ ਨੇ ਦੱਸਿਆ ਕਿ ਉਹ ਬਦਿਆਲਾ ਰੋਡ 'ਤੇ ਸਥਿਤ ਆਪਣੀ ਅਤੇ ਆਪਣੀ ਭੂਆ ਦੀ ਸਾਢੇ ਨੌਂ ਕਨਾਲ ਜ਼ਮੀਨ ਨੂੰ ਲੰਬੇ ਸਮੇਂ ਤੋਂ ਠੇਕੇ 'ਤੇ ਵਾਹ ਰਿਹਾ ਹੈ। ਇਸੇ ਜ਼ਮੀਨ 'ਤੇ ਉਸ ਦੇ ਚਾਚੇ ਦਾ ਲੜਕਾ ਆਪਣਾ ਹੱਕ ਜਤਾਉਂਦਾ ਆ ਰਿਹਾ ਸੀ, ਜਿਸ ਕਾਰਨ ਮਾਹੌਲ ਤਣਾਅਪੂਰਨ ਰਹਿੰਦਾ ਸੀ। 30 ਅਪ੍ਰੈਲ ਨੂੰ ਜਦੋਂ ਗੁਰਚੇਤ ਸਿੰਘ ਆਪਣੇ ਭਰਾਵਾਂ ਨਾਲ ਖੇਤ ਵਿੱਚ ਮੌਜੂਦ ਸੀ, ਤਾਂ ਕਥਿਤ ਦੋਸ਼ੀ ਜਗਸੀਰ ਸਿੰਘ ਵਾਸੀ ਚਾਉਕੇ ਤੇ ਦਵਿੰਦਰ ਸਿੰਘ ਵਾਸੀ ਖੋਖਰ ਆਪਣੇ ਨਾਲ ਅਣਪਛਾਤੇ ਬੰਦਿਆਂ ਸਬੰਧੀ ਜ਼ਬਰਦਸਤੀ ਖੇਤ ਵਿੱਚ ਵੜ ਆਏ। ਪੀੜਤ ਮੁਤਾਬਕ ਉਕਤ ਵਿਅਕਤੀਆਂ ਨੇ ਆਉਂਦਿਆਂ ਹੀ ਗਾਲੀ-ਗਲੌਚ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇੰਨਾ ਹੀ ਨਹੀਂ, ਉਕਤ ਵਿਅਕਤੀਆਂ ਨੇ ਖੇਤ ਵਿੱਚ ਖੜ੍ਹੇ ਟਰੈਕਟਰ ਦੀ ਵੀ ਭੰਨਤੋੜ ਕੀਤੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।