ਘਰ ਤੇ ਮੰਡੀ ’ਚੋਂ ਗਹਿਣੇ ਅਤੇ ਕਣਕ ਚੋਰੀ, ਦੋ ਕਾਬੂ, 7 ਫਰਾਰ
ਘਰ ਅਤੇ ਮੰਡੀ ਵਿੱਚੋਂ ਗਹਿਣੇ ਅਤੇ ਕਣਕ ਚੋਰੀ, ਦੋ ਕਾਬੂ ਅਤੇ 7 ਫਰਾਰ
Publish Date: Sat, 02 May 2026 05:23 PM (IST)
Updated Date: Sun, 03 May 2026 04:09 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ, ਜਿੱਥੇ ਚੋਰਾਂ ਨੇ ਘਰਾਂ ਤੇ ਮੰਡੀਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਮਾਮਲਿਆਂ ਵਿੱਚ ਮੁਸਤੈਦੀ ਦੋ ਵਿਅਕਤੀਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਹੈ, ਜਦਕਿ ਸੱਤ ਤੋਂ ਵੱਧ ਵਿਅਕਤੀ ਫਰਾਰ ਦੱਸੇ ਜਾ ਰਹੇ ਹਨ। ਪਹਿਲੀ ਘਟਨਾ ਥਾਣਾ ਸੰਗਤ ਅਧੀਨ ਆਉਂਦੀ ਸੰਗਤ ਮੰਡੀ ਦੀ ਹੈ, ਜਿੱਥੇ ਚੋਰਾਂ ਨੇ ਇੱਕ ਫੜ੍ਹ ਤੋਂ ਕਣਕ ਦੇ ਗੱਟੇ ਚੋਰੀ ਕਰ ਲਏ। ਪੀੜਤ ਪਰਦੀਪ ਕੁਮਾਰ ਵਾਸੀ ਸੰਗਤ ਮੰਡੀ ਨੇ ਦੱਸਿਆ ਕਿ ਲੰਘੀ 1 ਮਈ 2026 ਨੂੰ ਮੰਡੀ ਵਿੱਚੋਂ ਕਰੀਬ 55 ਗੱਟੇ ਕਣਕ ਜਿਨ੍ਹਾਂ ਦੀ ਕੀਮਤ 71,000 ਰੁਪਏ ਬਣਦੀ ਚੋਰੀ ਹੋ ਗਈ ਸੀ। ਚੋਰੀ ਦੀ ਭਿਣਕ ਲੱਗਦਿਆਂ ਹੀ ਜਦੋਂ ਚੋਰਾਂ ਦਾ ਪਿੱਛਾ ਕੀਤਾ ਗਿਆ, ਤਾਂ ਦੋ ਵਿਅਕਤੀਆਂ—ਸਤਪਾਲ ਉਰਫ਼ ਵੀਰ ਰਾਮ ਅਤੇ ਰਾਕੇਸ਼ ਵਾਸੀ ਬੀੜ ਤਲਾਬ ਨੂੰ ਇੱਕ ਮੋਟਰਸਾਈਕਲ ਰੇਹੜੀ ਸਮੇਤ ਮੌਕੇ 'ਤੇ ਕਾਬੂ ਕਰ ਲਿਆ ਗਿਆ। ਇਨ੍ਹਾਂ ਕੋਲੋਂ ਚੋਰੀ ਕੀਤੇ 10 ਗੱਟੇ ਕਣਕ ਬਰਾਮਦ ਹੋਈ ਹੈ, ਜਦਕਿ ਉਕਤ ਵਿਅਕਤੀਆਂ ਦੇ ਸਾਥੀ ਰਾਜੂ, ਮਹੇਸ਼ੀ ਵਾਸੀ ਰਾਮ ਤੀਰਥ ਅਤੇ ਕੁਝ ਹੋਰ ਅਣਪਛਾਤੇ ਵਿਅਕਤੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਦੂਜਾ ਮਾਮਲਾ ਥਾਣਾ ਕੈਨਾਲ ਕਲੋਨੀ ਅਧੀਨ ਆਉਂਦੀ ਅਮਰਪੁਰਾ ਬਸਤੀ ਦਾ ਹੈ। ਇੱਥੋਂ ਦੇ ਵਾਸੀ ਮਹਿੰਦਰ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਜਦੋਂ ਉਹ ਘਰੋਂ ਬਾਹਰ ਸੀ, ਤਾਂ ਪਿੱਛੋਂ ਕਿਸੇ ਅਣਪਛਾਤੇ ਵਿਅਕਤੀ ਨੇ ਘਰ ਦੀ ਅਲਮਾਰੀ ਦਾ ਤਾਲਾ ਤੋੜ ਕੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ। ਚੋਰ ਘਰ ’ਚੋਂ 1.64 ਲੱਖ ਦੀ ਨਕਦੀ, ਚਾਂਦੀ ਦੇ ਦੋ ਕੜੇ, ਚਾਂਦੀ ਦੀਆਂ ਝਾਂਜਰਾਂ ਦਾ ਇਕ ਸੈੱਟ ਤੇ ਦੋ ਟਾਈਟਨ ਦੀਆਂ ਘੜੀਆਂ ਚੋਰੀ ਕਰਕੇ ਲੈ ਗਏ ਹਨ। ਪੀੜਤ ਅਨੁਸਾਰ ਚੋਰੀ ਕੀਤੇ ਕੁੱਲ ਸਾਮਾਨ ਦੀ ਕੀਮਤ ਲਗਭਗ 1.70 ਲੱਖ ਰੁਪਏ ਦੇ ਕਰੀਬ ਬਣਦੀ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਉਹ ਉਕਤ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਚੋਰਾਂ ਨੂੰ ਫੜਿਆ ਜਾ ਸਕੇ।