ਮਜ਼ਦੂਰ ਏਕਤਾ ਸਬੰਧੀ ਐੱਮਈਐੱਸ ਵਰਕਰਜ਼ ਯੂਨੀਅਨ ਵੱਲੋਂ ਮੀਟਿੰਗ
ਮਜ਼ਦੂਰ ਏਕਤਾ ਸਬੰਧੀ ਐੱਮਈਐੱਸ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ
Publish Date: Sat, 02 May 2026 04:25 PM (IST)
Updated Date: Sun, 03 May 2026 04:06 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਐੱਮਈਐੱਸ ਵਰਕਰਜ਼ ਯੂਨੀਅਨ ਬ੍ਰਾਂਚ ਬਠਿੰਡਾ ਵੱਲੋਂ ਰਸੀਵਿੰਗ ਸਟੇਸ਼ਨ ’ਤੇ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਅਤੇ ਕਰਮਚਾਰੀਆਂ ਨੇ ਮਜ਼ਦੂਰ ਏਕਤਾ, ਹੱਕਾਂ ਦੀ ਰੱਖਿਆ ਅਤੇ ਕਾਰਜਸਥਲ ’ਤੇ ਇੱਜ਼ਤਦਾਰ ਮਾਹੌਲ ਬਣਾਈ ਰੱਖਣ ਦਾ ਸੰਕਲਪ ਲਿਆ। ਸਮਾਗਮ ਦੀ ਸ਼ੁਰੂਆਤ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾਂਜਲੀ ਅਰਪਿਤ ਕਰਕੇ ਕੀਤੀ ਗਈ। ਇਸ ਤੋਂ ਬਾਅਦ ਯੂਨੀਅਨ ਦੇ ਸਕੱਤਰ ਅਮਲੇਂਦੁ ਪ੍ਰਭਾਕਰ ਨੇ ਕਿਹਾ ਕਿ ਮਈ ਦਿਵਸ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਮਜ਼ਦੂਰਾਂ ਦੇ ਸੰਘਰਸ਼, ਤਿਆਗ ਅਤੇ ਹੱਕਾਂ ਦੀ ਪ੍ਰਾਪਤੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਮੌਜੂਦਾ ਸਮੇਂ ਵਿਚ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਜਿਵੇਂ ਕੰਮ ਦੇ ਭਾਰ ਵਿਚ ਵਾਧਾ, ਸਰੋਤਾਂ ਦੀ ਘਾਟ ਅਤੇ ਸੁਵਿਧਾਵਾਂ ਦੀ ਕਮੀ ਸਬੰਧੀ ਜਾਗਰੂਕ ਕੀਤਾ ਤੇ ਇਨ੍ਹਾਂ ਮਸਲਿਆਂ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ। ਯੂਨੀਅਨ ਦੇ ਪ੍ਰਧਾਨ ਰਾਜਿੰਦਰ ਕੁਮਾਰ ਨੇ ਕਿਹਾ ਕਿ ਸੰਗਠਨ ਦੀ ਮਜ਼ਬੂਤੀ ਹੀ ਕਰਮਚਾਰੀਆਂ ਦੇ ਹਿਤਾਂ ਦੀ ਸਭ ਤੋਂ ਵੱਡੀ ਸੁਰੱਖਿਆ ਹੈ। ਸਾਰੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਰਹਿ ਕੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਰਹਿਣ ਤੇ ਸੰਗਠਨ ਨੂੰ ਮਜ਼ਬੂਤ ਬਣਾਉਣ। ਇਸ ਮੌਕੇ ਐੱਮਈਐੱਸ ਦੇ ਅਹੁਦੇਦਾਰਾਂ, ਜੇਸੀਐੱਮਆਈਵੀ ਤੇ ਹੋਰ ਮੁਲਾਜ਼ਮਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਮਜ਼ਦੂਰ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।