ਰੇਲਗੱਡੀ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ
ਰੇਲ ਗੱਡੀ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ
Publish Date: Sat, 02 May 2026 04:14 PM (IST)
Updated Date: Sun, 03 May 2026 04:05 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਸਥਾਨਕ ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ‘ਤੇ ਇਕ ਦਰਦਨਾਕ ਹਾਦਸੇ ਵਿੱਚ ਇਕ ਅਣਪਛਾਤੇ ਵਿਅਕਤੀ ਦੀ ਰੇਲਗੱਡੀ ਹੇਠਾਂ ਆ ਕੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਠਿੰਡਾ-ਬੀਕਾਨੇਰ ਰੇਲਗੱਡੀ ਦੇ ਹੇਠਾਂ ਆਉਣ ਕਾਰਨ ਉਹ ਬੁਰੀ ਤਰ੍ਹਾਂ ਕੱਟਿਆ ਗਿਆ। ਹਾਦਸੇ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਟੀਮ ਦੇ ਮੈਂਬਰ ਵਿੱਕੀ ਕੁਮਾਰ ਵੱਲੋਂ ਮੌਕੇ ‘ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਤੇ ਇਸ ਸਬੰਧੀ ਥਾਣਾ ਜੀਆਰਪੀ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਜੀਆਰਪੀ ਦੇ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਮੌਕੇ ‘ਤੇ ਮੌਜੂਦ ਕੁਝ ਲੋਕਾਂ ਅਨੁਸਾਰ ਉਕਤ ਵਿਅਕਤੀ ਰੇਲਵੇ ਲਾਈਨ ਪਾਰ ਕਰ ਰਿਹਾ ਸੀ, ਜਿਸ ਦੌਰਾਨ ਉਹ ਅਚਾਨਕ ਗੱਡੀ ਹੇਠਾਂ ਆ ਗਿਆ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਹਾਦਸਾ ਕਿਵੇਂ ਵਾਪਰਿਆ। ਸਹਾਰਾ ਟੀਮ ਅਤੇ ਜੀਆਰਪੀ ਵੱਲੋਂ ਮ੍ਰਿਤਕ ਦੀ ਤਲਾਸ਼ੀ ਲਈ ਗਈ, ਪਰ ਉਸ ਕੋਲੋਂ ਕੋਈ ਵੀ ਐਸਾ ਦਸਤਾਵੇਜ਼ ਨਹੀਂ ਮਿਲਿਆ ਜਿਸ ਨਾਲ ਉਸਦੀ ਪਛਾਣ ਹੋ ਸਕੇ। ਮ੍ਰਿਤਕ ਨੇ ਪੈਂਟ-ਸ਼ਰਟ ਪਹਿਨੀ ਹੋਈ ਸੀ। ਇਸ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਟੀਮ ਵੱਲੋਂ ਮ੍ਰਿਤਕ ਦੇ ਸ਼ਵ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾਇਆ ਗਿਆ ਹੈ। ਸਹਾਰਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਲਾਸ਼ ਨੂੰ ਸੁਰੱਖਿਅਤ ਰੱਖ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੀ ਪਛਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਵੀ ਮ੍ਰਿਤਕ ਦੀ ਪਛਾਣ ਲਈ ਪੁੱਛਗਿੱਛ ਜਾਰੀ ਹੈ।