ਕਾਰ ਦੀ ਟੱਕਰ ਨਾਲ ਬਾਈਕ ਸਵਾਰ ਪਤੀ-ਪਤਨੀ ਜ਼ਖ਼ਮੀ
ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਕਾਰ ਨੇ ਟੱਕਰ ਮਾਰੀ
Publish Date: Sat, 02 May 2026 04:13 PM (IST)
Updated Date: Sun, 03 May 2026 04:05 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਸਥਾਨਕ ਮੁਲਤਾਨੀ ਪੁੱਲ ਨੇੜੇ ਇਕ ਦਰਦਨਾਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਜ਼ਖਮੀ ਹੋ ਗਏ ਤੇ ਸੜਕ ’ਤੇ ਡਿੱਗ ਪਏ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ, ਸੰਦੀਪ ਗਿੱਲ ਦੀ ਅਗਵਾਈ ਹੇਠ ਤੁਰੰਤ ਮੌਕੇ ’ਤੇ ਪੁੱਜੀ। ਟੀਮ ਵੱਲੋਂ ਜ਼ਖਮੀਆਂ ਨੂੰ ਆਪਣੀ ਐਂਬੂਲੈਂਸ ਰਾਹੀਂ ਤੁਰੰਤ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਦੀਪਕ ਪੁੱਤਰ ਨਾਥੂਰਾਮ (45) ਅਤੇ ਰਜਨੀ ਪਤਨੀ ਦੀਪਕ (32), ਵਾਸੀ ਸੰਜੇ ਨਗਰ ਵਜੋਂ ਹੋਈ ਹੈ। ਦੋਵਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਕ ਹੋਰ ਹਾਦਸੇ ’ਚ ਬਠਿੰਡਾ–ਤਲਵੰਡੀ ਰੋਡ ‘ਤੇ ਜੱਸੀ ਚੌਕ ਨੇੜੇ ਇੱਕ ਕਾਰ ਬੇਕਾਬੂ ਹੋ ਕੇ ਡਿਵਾਈਡਰ ‘ਤੇ ਚੜ੍ਹ ਗਈ। ਇਸ ਹਾਦਸੇ ’ਚ ਕਾਰ ਸਵਾਰ ਨੂੰ ਹਲਕੀਆਂ ਚੋਟਾਂ ਆਈਆਂ, ਜਦਕਿ ਕਾਰ ਨੁਕਸਾਨੀ ਗਈ। ਸਹਾਰਾ ਜਨ ਸੇਵਾ ਦੀ ਟੀਮ ਨੂੰ ਜਾਣਕਾਰੀ ਮਿਲਣ ’ਤੇ ਸੰਦੀਪ ਗਿੱਲ ਮੌਕੇ ’ਤੇ ਪੁੱਜੇ ਤੇ ਜ਼ਖਮੀ ਕਾਰ ਚਾਲਕ ਨੂੰ ਵੀ ਤੁਰੰਤ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਨਾਲ ਹੀ ਟੀਮ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ, ਜੋ ਬਾਅਦ ’ਚ ਹਸਪਤਾਲ ਪਹੁੰਚੇ। ਕਾਰ ਚਾਲਕ ਦੀ ਪਛਾਣ ਕਰਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ (34), ਵਾਸੀ ਰਾਏ ਖਾਨਾ ਵਜੋਂ ਹੋਈ ਹੈ। ਦੋਵੇਂ ਹਾਦਸਿਆਂ ਵਿੱਚ ਸਹਾਰਾ ਟੀਮ ਦੀ ਤੇਜ਼ ਕਾਰਵਾਈ ਕਾਰਨ ਜ਼ਖਮੀਆਂ ਨੂੰ ਸਮੇਂ ਸਿਰ ਇਲਾਜ ਮਿਲਿਆ, ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋਇਆ। ਪੁਲਿਸ ਵੱਲੋਂ ਦੋਵੇਂ ਮਾਮਲਿਆਂ ਦੀ ਜਾਂਚ ਜਾਰੀ ਹੈ।