ਗਰਮੀ ਕਾਰਨ ਬੇਹੋਸ਼ ਹੋਇਆ ਵਿਅਕਤੀ, ਹਸਪਤਾਲ ’ਚ ਜ਼ੇਰੇ ਇਲਾਜ
ਗਰਮੀ ਕਾਰਨ ਬੇਹੋਸ਼ ਹੋਇਆ ਵਿਅਕਤੀ
Publish Date: Sat, 02 May 2026 04:11 PM (IST)
Updated Date: Sun, 03 May 2026 04:05 AM (IST)
ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਗੋਨਿਆਣਾ ਰੋਡ ’ਤੇ ਝੀਲ ਨੰਬਰ ਤਿੰਨ ਦੇ ਸਾਹਮਣੇ ਇਕ ਵਿਅਕਤੀ ਅੱਤ ਦੀ ਗਰਮੀ ਕਾਰਨ ਚੱਕਰ ਆਉਣ ਨਾਲ ਸੜਕ ‘ਤੇ ਬੇਹੋਸ਼ ਹੋ ਕੇ ਡਿੱਗ ਪਿਆ। ਇਹ ਘਟਨਾ ਜੀਟੀ ਰੋਡ ‘ਤੇ ਵਾਪਰੀ। ਇਸ ਸਬੰਧੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ ਦੀ ਅਗਵਾਈ ਹੇਠ ਤੁਰੰਤ ਮੌਕੇ ’ਤੇ ਪੁੱਜੀ। ਟੀਮ ਵੱਲੋਂ ਬੇਹੋਸ਼ ਪਏ ਵਿਅਕਤੀ ਨੂੰ, ਜਿਸ ਕੋਲ ਇਕ ਥੈਲਾ ਵੀ ਸੀ, ਗੰਭੀਰ ਹਾਲਤ ’ਚ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ’ਚ ਪਹੁੰਚਾਇਆ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਉਸ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਵਿਅਕਤੀ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ। ਸਹਾਰਾ ਜਨ ਸੇਵਾ ਦੀ ਟੀਮ ਵੱਲੋਂ ਉਸ ਦੀ ਸੇਵਾ-ਸੰਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸੇ ਵੀ ਤਰ੍ਹਾਂ ਦੇ ਪਛਾਣ ਪੱਤਰ ਨਾ ਮਿਲਣ ਕਾਰਨ ਬੇਹੋਸ਼ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਸਹਾਰਾ ਟੀਮ ਵੱਲੋਂ ਉਸ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ। ਪੁਲਿਸ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਗਰਮੀ ਦੇ ਇਸ ਕਹਿਰ ਦੌਰਾਨ ਇਸ ਤਰ੍ਹਾਂ ਦੇ ਮਾਮਲੇ ਵੱਧ ਰਹੇ ਹਨ, ਜਿਸ ਕਾਰਨ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਨਾਂ ਕਾਰਨ ਧੁੱਪ ਵਿੱਚ ਨਾ ਨਿਕਲਣ ਅਤੇ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।