ਸਰਕਾਰੀ ਹਾਈ ਸਕੂਲ ’ਚ ਕਰਵਾਈ ਇਨਵੈਸਚਰ ਸੈਰੇਮਨੀ
ਸਰਕਾਰੀ ਹਾਈ ਸਕੂਲ ਵਿਚ ਇਨਵੈਸਟੀਚਰ ਸੈਰੇਮਨੀ ਕਰਵਾਈ
Publish Date: Fri, 01 May 2026 07:44 PM (IST)
Updated Date: Sat, 02 May 2026 04:14 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸਰਕਾਰੀ ਹਾਈ ਸਕੂਲ ਜੱਜਲ ਵਿਚ ਇਨਵੈਸਚਰ ਸੈਰੇਮਨੀ ਕਰਵਾਈ ਗਈ। ਵਿਦਿਆਰਥੀਆਂ ਨੂੰ ਵੱਖ-ਵੱਖ ਜਿੰਮੇਵਾਰੀਆਂ ਸੌਂਪੀਆਂ ਗਈਆਂ। ਸਮਾਗਮ ਵਿਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਸੰਬੋਧਨ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਅੱਜਕੱਲ੍ਹ ਨਿੱਤ ਨਵੇਂ ਮੁਕਾਮ ਹਾਸਲ ਕਰ ਰਹੇ ਹਨ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਕੂਲੀ ਗਤੀਵਿਧੀਆਂ ਵਿਚ ਵੀ ਸਰਗਰਮ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਇਨਵੈਸਚਰ ਸਮਾਗਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਵਿਚ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਦੇ ਹਨ। ਸਮਾਗਮ ’ਚ ਵਿਸ਼ੇਸ਼ ਮਹਿਮਾਨਾਂ ਵਜੋਂ ਅਮਨਪ੍ਰੀਤ ਸਿੰਘ (ਪ੍ਰਿੰਸੀਪਲ, ਸਸਸ ਮਾਹੀਨੰਗਲ), ਵੀਰਪਾਲ ਕੌਰ (ਵਾਈਸ ਜ਼ਿਲ੍ਹਾ ਪ੍ਰਧਾਨ, ਆਮ ਆਦਮੀ ਪਾਰਟੀ), ਮਿਸ ਅਮਨ ਪਾਬਲਾ, ਰਾਜੇਸ਼ ਕੁਮਾਰ ਤੇ ਪਰਮਿੰਦਰ ਸਿੰਘ (ਭਾਰਤੀ ਏਅਰਟੈੱਲ ਫਾਊਂਡੇਸ਼ਨ) ਨੇ ਵੀ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਐੱਸਐੱਮਸੀ ਕਮੇਟੀ ਦੇ ਚੇਅਰਮੈਨ ਹਰਪ੍ਰੀਤ ਸਿੰਘ, ਕਮੇਟੀ ਮੈਂਬਰਾਂ ਤੇ ਗੁਰਲਾਭ ਸਿੰਘ (ਪ੍ਰਧਾਨ ਟਰੱਕ ਯੂਨੀਅਨ ਰਾਮਾਮੰਡੀ) ਦੀ ਹਾਜ਼ਰੀ ਨੇ ਸਮਾਗਮ ਦੀ ਰੌਣਕ ਵਧਾਈ। ਸਕੂਲ ਦੇ ਹੈੱਡਮਾਸਟਰ ਨਵਨੀਤ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਸਕੂਲ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਹਰ ਸਾਲ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਚਮਕੌਰ ਸਿੰਘ ਸਿੱਧੂ ਵੱਲੋਂ ਸਕੂਲ ਮੈਗਜ਼ੀਨ “ਹਰਫ਼ਾਂ ਦੀ ਪਰਵਾਜ਼” ਦੇ ਚੌਥੇ ਅੰਕ ਦੀ ਘੁੰਡ ਚੁਕਾਈ ਵੀ ਕੀਤੀ ਗਈ। ਅੰਤ ’ਚ ਵੱਖ-ਵੱਖ ਖੇਤਰਾਂ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁੱਖ ਮਹਿਮਾਨ, ਹੈੱਡਮਾਸਟਰ ਅਤੇ ਐਸਐਮਸੀ ਮੈਂਬਰਾਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ।