ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸੰਗੀਤਕ ਬੈਂਡ ਹਾਰਮੋਨਿਕਸ ਦੀ ਸ਼ੁਰੂਆਤ
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸੰਗੀਤਕ ਬੈਂਡ ਹਾਰਮੋਨਿਕਸ ਦੀ ਸ਼ਾਨਦਾਰ ਸ਼ੁਰੂਆਤ
Publish Date: Fri, 01 May 2026 07:39 PM (IST)
Updated Date: Sat, 02 May 2026 04:14 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਇਕ ਸ਼ਾਨਦਾਰ ਸਮਾਗਮ ਦੌਰਾਨ ਹਾਰਮੋਨਿਕ ਬੈਂਡ ਦੀ ਸ਼ੁਰੂਆਤ ਕਰਕੇ ਇਤਿਹਾਸਿਕ ਮੀਲ ਸਥਾਪਤ ਕੀਤਾ। ਇਹ ਬੈਂਡ ਯੁਵਾ ਤੇ ਸੱਭਿਆਚਾਰਕ ਮਾਮਲਿਆਂ ਦੇ ਡਾਇਰੈਕਰ ਡਾ. ਕੰਵਲਜੀਤ ਕੌਰ ਵੱਲੋਂ ਐਂਪਲੀਫਾਈ-26 ਦੇ ਤਹਿਤ ਸ਼ਾਨਦਾਰ ਤਰੀਕੇ ਤੇ ਚਾਵਾਂ ਮੁਲਾਰ੍ਹਾਂ ਨਾਲ ਕੀਤਾ ਗਿਆ। ਇਸ ਮੌਕੇ ਕਰਵਾਏ ਸਮਾਰੋਹ ਵਿਚ ਨਾਮਵਰ ਭੰਗੜਾ ਕੋਚ ਅਮਰਿੰਦਰ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਡਾ. ਜੀਐਸ, ਚਹਿਲ ਅਤੇ ਜੁਝਾਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਆਪਣੇ ਵਧਾਈ ਸੰਦੇਸ਼ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਅਤੇ ਸੂਖਮ ਕਲਾਵਾਂ ਨਾਲ ਜੋੜਨ ਲਈ ਵਰਸਿਟੀ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਹਨ, ਜਿੰਨ੍ਹਾਂ ਵਿੱਚੋਂ ਇਹ ਬੈਂਡ ਦੀ ਸ਼ੁਰੂਆਤ ਪ੍ਰਮੁੱਖ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੈਂਡ ਦੇ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਮਿਲੇਗਾ, ਜੋ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਣ ਵਿੱਚ ਸਹਾਈ ਹੋਵੇਗਾ। ਵਾਈਸ-ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਖਮ ਕਲਾਵਾਂ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਨੂੰ ਨਿਖਾਰਦੀਆਂ ਹਨ ਤੇ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਿਚ ਯੋਗਦਾਨ ਪਾਉਂਦੀਆਂ ਹਨ। ਇਹ ਮਾਨਸਿਕ ਤਣਾਅ ਨੂੰ ਘੱਟ ਕਰਨ ਵਿੱਚ ਸਹਾਈ ਹੁੰਦੀਆਂ ਹਨ। ਉਨ੍ਹਾਂ ਹਾਜ਼ਰ ਦਰਸ਼ਕਾਂ ਅਤੇ ਵਿਦਿਆਰਥੀਆਂ ਨੂੰ ਸੰਗੀਤ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬੈਂਡ ਕਿਸੇ ਇੱਕ ਵਾਦ ਯੰਤਰ ਦੀ ਆਵਾਜ਼ ਨਾ ਹੋ ਕੇ ਸੰਪੂਰਨ ਸੰਗੀਤਕ ਆਰਕੈਸਟਰਾ ਹੈ, ਜਿਸ ਵਿੱਚ ਵੱਖ-ਵੱਖ ਤਰਾਂ ਦੇ ਸਾਜਾਂ ਦਾ ਸਮਾਤੋਲ ਹੈ, ਇਸ ਤਰਾਂ ਇਹ ਬੈਂਡ ਸਾਨੂੰ ਜ਼ਿੰਦਗੀ ਵਿੱਚ ਸਮਾਤੋਲ ਅਤੇ ਤਵਾਜਨ ਬਣਾਈ ਰੱਖਣ ਦੀ ਸਿੱਖਿਆ ਦਿੰਦਾ ਹੈ। ਸੰਗੀਤ ਨਾਲ ਜੁੜਿਆ ਇਨਸਾਨ ਸਭ ਨਾਲ ਪ੍ਰੇਮ ਭਾਵ ਨਾਲ ਰਹਿੰਦਾ ਹੈ ਤੇ ਕਦੇ ਹਿੰਸਕ ਨਹੀਂ ਹੁੰਦਾ। ਮੁੱਖ ਮਹਿਮਾਨ ਅਮਰਿੰਦਰ ਸੰਧੂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੁਨਰ ਦੀ ਸ਼ਲਾਘਾ ਕੀਤੀ ਅਤੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਸਮਾਰੋਹ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਯੁਵਾ ਤੇ ਸੱਭਿਆਚਾਰਕ ਮਾਮਲੇ ਡਾ. ਕੌਰ ਨੇ ਦੱਸਿਆ ਕਿ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨਾਂ ਵੱਲੋਂ ਪੰਜਾਬੀ ਲੋਕ-ਨਾਚ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਭੰਗੜਾ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ। ਵਿਸ਼ੇਸ ਤੌਰ ’ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਪੰਜਾਬੀ ਅਤੇ ਹਿੰਦੀ ਗੀਤਾਂ ਦੇ ਫ਼ਿਉਜ਼ਨ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਸਮਾਰੋਹ ਵਿਚ ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਬੰਧਕਾਂ ਵਲੋਂ ਮਹਿਮਾਨਾਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।