ਈਕੋ ਕਲੱਬ ਵੱਲੋਂ ਵਿਸ਼ਵ ਧਰਤੀ ਦਿਵਸ ਸਬੰਧੀ ਪ੍ਰੋਗਰਾਮ ਕਰਵਾਇਆ

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ
ਯੂਨੀਵਰਸਿਟੀ ਕਾਲਜ, ਘੁੱਦਾ (ਬਠਿੰਡਾ) ਵਿਖੇ ਪ੍ਰਿੰਸੀਪਲ ਪ੍ਰੋ. ਕਮਲਜੀਤ ਸਿੰਘ ਦੀ ਰਹਿਨੁਮਾਈ ਹੇਠ 'ਵਿਸ਼ਵ ਧਰਤੀ ਦਿਵਸ' ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਸਫ਼ਲ ਆਯੋਜਨ ਕਾਲਜ ਦੇ ਈਕੋ ਕਲੱਬ ਦੇ ਨੋਡਲ ਅਫਸਰ ਅਤੇ ਪ੍ਰੋਗਰਾਮ ਅਫਸਰ ਐਨਐਸਐਸ ਪ੍ਰੋ. ਗਗਨਜੋਤ ਕੌਰ ਅਤੇ ਸਹਾਇਕ ਪ੍ਰੋਗਰਾਮ ਅਫਸਰ ਐਨਐਸਐਸ ਪ੍ਰੋ. ਅਮਨਦੀਪ ਕੌਰ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪ੍ਰੋ. ਗਗਨਜੋਤ ਕੌਰ ਨੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਮੁੱਖ ਮਹਿਮਾਨ ਡਾ. ਜਗਦੀਸ਼ ਸਿੰਘ (ਜੁਆਇੰਟ ਡਾਇਰੈਕਟਰ, ਖੇਤੀਬਾੜੀ ਵਿਭਾਗ ਪੰਜਾਬ ਸੇਵਾਮੁਕਤ), ਡਾ. ਜਸਕਰਨ ਸਿੰਘ ਕੁਲਾਰ (ਖੇਤੀਬਾੜੀ ਅਫਸਰ), ਪ੍ਰਿੰਸੀਪਲ ਸਟਾਫ ਅਤੇ ਸਮੂਹ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਧਰਤੀ ਦੀ ਸਾਂਭ ਸੰਭਾਲ ਅਤੇ ਵਾਤਾਵਰਣ ਪ੍ਰਤੀ ਇਕ ਸੁਹਿਰਦ ਸੋਚ ਅਤੇ ਜੀਵਨ ਸ਼ੈਲੀ ਅਪਣਾਉਣ ਬਾਰੇ ਜਾਗਰੂਕ ਕਰਨਾ ਹੈ।ਇਸ ਮੌਕੇ ਮੁੱਖ ਬੁਲਾਰੇ ਡਾ. ਜਗਦੀਸ਼ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ, ਮਿੱਟੀ ਅਤੇ ਰੁੱਖਾਂ ਦੀ ਸਾਂਭ ਸੰਭਾਲ ਕਰਨ ਲਈ ਵੱਖ ਵੱਖ ਤਰੀਕਿਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਇਕ ਚੰਗੇ ਨਾਗਰਿਕ ਬਣ ਕੇ ਆਪਣਾ ਅਤੇ ਸਮਾਜ ਦਾ ਪੱਧਰ ਉੱਚਾ ਚੁੱਕਣ ਦਾ ਉਦੇਸ਼ ਦਿੱਤਾ ਅਤੇ ਖੇਤੀਬਾੜੀ ਨਾਲ ਸਬੰਧਤ ਕੀਤਿਆਂ ਬਾਰੇ ਅਤੇ ਖੇਤੀਬਾੜੀ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਟ੍ਰੇਨਿੰਗਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਡਾ. ਜਸਕਰਨ ਸਿੰਘ ਕੁਲਾਰ ਜੀ ਨੇ ਵਿਦਿਆਰਥੀਆਂ ਨੂੰ ਫਸਲਾਂ ਦੀ ਸਾਂਭ-ਸੰਭਾਲ, ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ, ਵਾਤਾਵਰਣ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਨਵੇਂ ਤਰੀਕੇ, ਸੂਰਜੀ ਊਰਜਾ ਦੀ ਵਰਤੋਂ ਵੱਲ ਪਹਿਲ ਕਦਮੀ ਅਤੇ ਵਾਤਾਵਰਣ ਪ੍ਰਦੂਸ਼ਣ ਘੱਟ ਕਰਨ ਸਬੰਧੀ ਵੱਖ-ਵੱਖ ਤਕਨੀਕਾਂ ਦੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਪ੍ਰਿੰਸੀਪਲ ਪ੍ਰੋ. ਕਮਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਅਤੇ ਧਰਤੀ ਨੂੰ ਬਚਾਉਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਅੰਤ ਵਿਚ ਪ੍ਰੋ. ਗਗਨਜੋਤ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਈਕੋ ਕਲੱਬ ਵੱਲੋਂ 'ਰੀਸਾਈਕਲ, ਰਿਡਿਊਸ, ਰਿਪੇਅਰ ਅਤੇ ਰੀਯੂਸ' ਦੇ ਸੰਕਲਪ ਅਧੀਨ ਵਿਦਿਆਰਥੀਆਂ ਲਈ ਜੂਟ ਦੇ ਬੈਗ ਤਿਆਰ ਕਰਵਾਏ ਗਏ ਹਨ। ਉਨ੍ਹਾਂ ਵੱਲੋਂ ਐਨਐਸਐਸ ਵਲੰਟੀਅਰਜ਼ ਅਤੇ ਐਨਸੀਸੀ ਕੈਡਿਟਸ ਨੂੰ ਜੂਟ ਦੇ ਬੈਗ ਵੰਡੇ ਗਏ, ਜਿਸ ਕਰਕੇ ਵਿਦਿਆਰਥੀਆਂ ਵਿਚ ਬਹੁਤ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਪ੍ਰੋਗਰਾਮ ਸੰਚਾਲਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਵੀਰਪਾਲ ਕੌਰ, ਪ੍ਰੋ. ਜਸਪਾਲ ਸਿੰਘ, ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਮਨੀਸ਼ ਗੋਇਲ ਅਤੇ 180 ਦੇ ਲਗਭਗ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਸੰਚਾਲਨ ਟੀਮ ਪ੍ਰੋ. ਅਮਨਦੀਪ ਕੌਰ, ਮਨਜੀਤ ਪਾਲ ਸ਼ਰਮਾ,ਪ੍ਰੋ. ਹਰਵਿੰਦਰ ਕੌਰ, ਪ੍ਰੋ. ਅਮਨਪ੍ਰੀਤ ਕੌਰ, ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।