ਨੇਹੀਆਂਵਾਲਾ ’ਚ ਕਿਸਾਨ ਜਾਗਰੂਕਤਾ ਕੈਂਪ ਲਾਇਆ
ਨੇਹੀਆਂਵਾਲਾ ਵਿਚ ਕਿਸਾਨ ਜਾਗਰੂਕਤਾ ਕੈਂਪ ਲਾਇਆ
Publish Date: Fri, 01 May 2026 07:30 PM (IST)
Updated Date: Sat, 02 May 2026 04:12 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ. ਪ੍ਰਭਜੋਤ ਕੌਰ ਜ਼ਿਲ੍ਹਾ ਸਿਖਲਾਈ ਅਫ਼ਸਰ ਬਠਿੰਡਾ ਦੀ ਅਗਵਾਈ ਵਿਚ ਬਲਾਕ ਬਠਿੰਡਾ ਦੇ ਪਿੰਡ ਨੇਹੀਆਂਵਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਹਰਜਸਪਾਲ ਸ਼ਰਮਾ ਖੇਤੀਬਾੜੀ ਅਫ਼ਸਰ ਬਠਿੰਡਾ ਤੇ ਵਿਭਾਗੀ ਸਟਾਫ਼ ਵੀ ਹਾਜ਼ਰ ਰਿਹਾ। ਕੈਂਪ ਦੌਰਾਨ ਡਾ. ਜਸਵਿੰਦਰ ਕੌਰ, ਏਡੀਓ (ਟ੍ਰੇਨਿੰਗ) ਨੇ ਖੇਤੀ ਵਿਭਿੰਨਤਾ ਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਨਰਮੇ ਦੀ ਸਫਲ ਕਾਸ਼ਤ ਲਈ ਖੇਤਾਂ ਨੂੰ ਡੂੰਘਾ ਵਾਹੁਣਾ, ਭਰਵੀਂ ਰੌਣੀ ਕਰਨੀ ਤੇ 15 ਮਈ ਤੋਂ ਪਹਿਲਾਂ ਬਿਜਾਈ ਕਰਨੀ ਬਹੁਤ ਜ਼ਰੂਰੀ ਹੈ। ਨਾਲ ਹੀ ਰਸ ਚੂਸਕ ਕੀੜਿਆਂ ਅਤੇ ਗੁਲਾਬੀ ਸੁੰਡੀ ਤੋਂ ਬਚਾਅ ਲਈ ਸਰਵੇਖਣ ਤੇ ਨਦੀਨਾਂ ਦੇ ਨਾਸ਼ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਤੇ ਹੋਰ ਕੀੜਿਆਂ ਤੋਂ ਬਚਾਅ ਲਈ ਖੇਤਾਂ ਦੇ ਆਲੇ-ਦੁਆਲੇ ਦੇ ਨਦੀਨ ਜਿਵੇਂ ਕੰਘੀ ਬੂਟੀ, ਪੀਲੀ ਬੂਟੀ, ਪੁੱਠਕੰਡਾ, ਧਤੂਰਾ ਅਤੇ ਭੰਗ ਆਦਿ ਨੂੰ ਖਤਮ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਨਰਮੇ ਦੇ ਨੇੜੇ ਕੁਝ ਸਬਜ਼ੀਆਂ ਦੀ ਕਾਸ਼ਤ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ। ਕਿਸਾਨਾਂ ਨੂੰ ਸਰਕਾਰ ਵੱਲੋਂ ਨਰਮੇ ਦੇ ਬੀਜ ‘ਤੇ ਮਿਲ ਰਹੀ 33 ਫੀਸਦੀ ਸਬਸਿਡੀ ਅਤੇ ਪੰਜਾਬ ਖੇਤੀਬਾੜੀ ’ਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਸਮੇਤ ਨਵੀਂ ਦੇਸੀ ਕਿਸਮ ਪੀਬੀਡੀ-88 ਬਾਰੇ ਵੀ ਜਾਣੂ ਕਰਵਾਇਆ ਗਿਆ। ਕੈਂਪ ਦੌਰਾਨ ਡਾ. ਯਾਦਵੀਰ ਕੌਰ ਨੇ ਮਿੱਟੀ ਅਤੇ ਪਾਣੀ ਦੀ ਪਰਖ ਦੀ ਮਹੱਤਤਾ ਤੇ ਨਮੂਨੇ ਲੈਣ ਦੇ ਢੰਗ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਖਾਦਾਂ ਦੀ ਵਰਤੋਂ ਰਿਪੋਰਟ ਅਨੁਸਾਰ ਕਰਨ ਦੀ ਅਪੀਲ ਕੀਤੀ। ਡਾ. ਹਰਦੀਪ ਸਿੰਘ ਨੇ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਮਿੱਟੀ ਵਿੱਚ ਵਾਹੁਣ ਅਤੇ ਝੋਨੇ ਦੀ ਨਵੀਂ ਕਿਸਮ ਪੀਆਰ-133 ਦੀ ਖੇਤੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਡਾ. ਰੀਨਾ ਗਰਗ ਨੇ ਬਾਗਬਾਨੀ ਸਕੀਮਾਂ ਤੇ ਸਬਸਿਡੀਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਅੰਤ ’ਚ ਡਾ. ਪ੍ਰਭਜੋਤ ਕੌਰ ਨੇ ਕਿਸਾਨਾਂ ਨੂੰ ਰਵਾਇਤੀ ਕਣਕ-ਝੋਨਾ ਚੱਕਰ ਤੋਂ ਬਾਹਰ ਨਿਕਲ ਕੇ ਨਰਮੇ ਹੇਠ ਰਕਬਾ ਵਧਾਉਣ ਅਤੇ ਸਹਾਇਕ ਧੰਦੇ ਅਪਣਾਉਣ ਦੀ ਅਪੀਲ ਕੀਤੀ।