ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਮਨਾਇਆ ਮਈ ਦਿਵਸ
ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਮਈ ਦਿਵਸ ਮਨਾਇਆ
Publish Date: Fri, 01 May 2026 07:21 PM (IST)
Updated Date: Sat, 02 May 2026 04:12 AM (IST)
ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਇੰਪਲਾਈਜ਼ ਫੈਡਰੇਸ਼ਨ ਚਾਹਲ ਗਰੁੱਪ ਵੱਲੋਂ ਅੱਜ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੇਨ ਗੇਟ ਅੱਗੇ ਮਈ ਦਿਵਸ ਮਨਾਇਆ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਝੰਡਾ ਲਹਿਰਾ ਕੇ ਮਜ਼ਦੂਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮਜ਼ਦੂਰ ਹੱਕਾਂ ਦੀ ਰੱਖਿਆ ਲਈ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ।
ਸਮਾਗਮ ਦੌਰਾਨ ਬਲਜੀਤ ਸਿੰਘ ਬਰਾੜ, ਰਜਿੰਦਰ ਸਿੰਘ ਨਿੰਮਾ, ਲਖਵੰਤ ਸਿੰਘ ਬਾਂਡੀ, ਰਘਬੀਰ ਸਿੰਘ ਸੈਣੀ ਤੇ ਕੇਸ਼ਵ ਅਧਿਕਾਰੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮਈ ਦਿਵਸ ਦੀ ਸ਼ੁਰੂਆਤ 1886 ਵਿਚ ਅਮਰੀਕਾ ਦੇ ਸਿਕਾਗੋ ਸ਼ਹਿਰ ਵਿੱਚ ਮਜ਼ਦੂਰਾਂ ਵੱਲੋਂ ਆਪਣੇ ਹੱਕਾਂ ਲਈ ਕੀਤੇ ਸੰਘਰਸ਼ ਤੋਂ ਹੋਈ ਸੀ, ਜਿੱਥੇ ਕਈ ਮਜ਼ਦੂਰਾਂ ਨੇ ਆਪਣੀਆਂ ਜਾਨਾਂ ਨਿਓਛਾਵਰ ਕੀਤੀਆਂ। ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਹੀ ਹਰ ਸਾਲ ਮਈ ਦਿਵਸ ਮਨਾਇਆ ਜਾਂਦਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਮੌਜੂਦਾ ਸਮੇਂ ਵਿਚ ਵੀ ਮਜ਼ਦੂਰਾਂ ਦਾ ਸ਼ੋਸ਼ਣ ਜਾਰੀ ਹੈ। ਉਨ੍ਹਾਂ ਨੇ ਸਪੋਰਟ ਕਿੰਗ ਫੈਕਟਰੀ (ਜੀਦਾ, ਬਠਿੰਡਾ) ਅਤੇ ਗੰਗਾ ਅਕਰੋਵੂਲ ਫੈਕਟਰੀ (ਦੋਰਾਹਾ) ਵੱਲੋਂ ਮਜ਼ਦੂਰਾਂ ਅਤੇ ਔਰਤਾਂ ਤੋਂ 12-12 ਘੰਟੇ ਕੰਮ ਲੈਣ ਅਤੇ ਨਿਗੂਣੀਆਂ ਤਨਖਾਹਾਂ ਦੇਣ ਦੀ ਸਖ਼ਤ ਨਿਖੇਧੀ ਕੀਤੀ।
ਉਨ੍ਹਾਂ ਮੰਗ ਕੀਤੀ ਕਿ ਵੱਧ ਸਮੇਂ ਦੀ ਡਿਊਟੀ ਲਈ ਡਬਲ ਓਵਰਟਾਈਮ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਵੱਲੋਂ ਪਬਲਿਕ ਸੈਕਟਰ ਦੀ ਨਿੱਜੀਕਰਨ ਵੱਲ ਧੱਕਾ ਦਿੱਤਾ ਜਾ ਰਿਹਾ ਹੈ ਅਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਮਜ਼ਦੂਰ ਵਰਗ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਨ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਇਸ ਮੌਕੇ ਗੁਰਭੇਜ ਸਿੰਘ, ਗੁਰਲਾਲ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਅਜੈਬ ਸਿੰਘ, ਹਰੀਸ਼ ਕੁਮਾਰ, ਜਸਨਦੀਪ ਸਿੰਘ, ਬਲਦੀਪ ਸਿੰਘ, ਭਾਰਤ ਕਲੋਹਤਰਾ, ਅਰੁਣਜੋਤ ਸਿੰਘ, ਜਸਵੀਰ ਸਿੰਘ, ਘਨਈਆ ਲਾਲ, ਸੂਰਜ ਕੁਮਾਰ, ਰਾਮਜੀਤ, ਜੇਮਸ ਸਮੇਤ ਹੋਰ ਕਰਮਚਾਰੀ ਵੀ ਮੌਜੂਦ ਸਨ।