ਭਾਕਪਾ ਨੇ ਮਜ਼ਦੂਰ ਦਿਵਸ ’ਤੇ ਕੀਤਾ ਸਿਜਦਾ
ਭਾਰਤੀ ਕਮਿਊਨਿਸਟ ਪਾਰਟੀ ਨੇ ਮਜ਼ਦੂਰ ਦਿਵਸ ਮੌਕੇ ਕੀਤਾ ਸਿਜਦਾ
Publish Date: Fri, 01 May 2026 07:19 PM (IST)
Updated Date: Sat, 02 May 2026 04:12 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਮਜ਼ਦੂਰ ਦਿਵਸ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਅਤੇ ਝੰਡਾ ਚੜਾਉਣ ਦੀ ਰਸਮ ਵੀ ਕੀਤੀ ਗਈ। ਜ਼ਿਲ੍ਹਾ ਪਾਰਟੀ ਦਫਤਰ ਧਰਮ ਸਿੰਘ ਫੱਕਰ ਭਵਨ ਵਿਖੇ ਇਕੱਤਰ ਹੋਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਗੁਲਾਮ ਯੁਗ ਤੋਂ ਲੈ ਕੇ ਸਦੀਆਂ ਤਕ ਮਜ਼ਦੂਰਾਂ ਉੱਪਰ ਭਾਰੀ ਜ਼ੁਲਮ ਕੀਤੇ ਜਾਂਦੇ ਸਨ ਤੇ ਉਨ੍ਹਾਂ ਤੋਂ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਸੀ। ਕਾਰਲ ਮਾਰਕਸ ਦੀ ਇਨਕਲਾਬੀ ਵਿਚਾਰਧਾਰਾ ਨਾਲ ਮਜ਼ਦੂਰਾਂ ਅੰਦਰ ਚੇਤਨਤਾ ਦਾ ਵਿਕਾਸ ਹੋਇਆ। ਇਸ ਚੇਤਨਤਾ ਨਾਲ ਮਜ਼ਦੂਰਾਂ ਅੰਦਰ ਆਪਣੇ ਹੱਕ ਹਾਸਲ ਕਰਨ ਲਈ ਇਨਕਲਾਬ ਦੀ ਲਹਿਰ ਤੇਜ਼ ਹੋਈ। ਮਜ਼ਦੂਰਾਂ ਨੇ ਭਾਰੀ ਕੁਰਬਾਨੀਆਂ ਅਤੇ ਸ਼ਹੀਦੀਆਂ ਦੇ ਕੇ ਹੱਕ ਹਕੂਕ ਹਾਸਲ ਕੀਤੇ ਹਨ। ਅੱਜ ਅਸੀਂ ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰਦੇ ਹਾਂ। ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਾ ਬਰਾੜ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਪੂੰਜੀਵਾਦੀ ਨੀਤੀਆਂ ’ਤੇ ਚਲਦਿਆਂ ਮਜ਼ਦੂਰਾਂ ਦੇ ਹੱਕਾਂ ਲਈ ਸੰਵਿਧਾਨ ਵਿੱਚ ਮਿਲੇ ਹੋਏ ਸਾਰੇ ਅਧਿਕਾਰਾਂ ਨੂੰ ਰੱਦ ਕਰਕੇ ਚਾਰ ਕੋਡ ਬਣਾ ਦਿੱਤੇ ਹਨ, ਜਿਨ੍ਹਾਂ ’ਚ ਮਜ਼ਦੂਰਾਂ ਦੇ ਕੰਮ ਦੇ ਘੰਟੇ, ਕੰਮ ਦੌਰਾਨ ਸੇਵਾ ਭੱਤਾ, ਦੁਰਘਟਨਾਵਾਂ ਹੋਣ ਤੇ ਮਜ਼ਦੂਰਾਂ ਲਈ ਬੀਮਾ ਸੁਰੱਖਿਆ ਤੇ ਪੈਨਸ਼ਨ ਵਰਗੇ ਲਾਭਾਂ ਨੂੰ ਖਤਮ ਕਰ ਦਿੱਤਾ ਹੈ। ਵੱਡੇ ਪੱਧਰ ਤੇ ਠੇਕੇਦਾਰੀ ਪ੍ਰਬੰਧ ਲਾਗੂ ਕਰਕੇ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਤੇ ਚਾਰ ਲੇਬਰ ਕੋਡ ਰੱਦ ਕੀਤੇ ਜਾਣ ਤੇ ਮਜ਼ਦੂਰਾਂ ਦੇ ਹੱਕਾਂ ਲਈ ਬਣੇ ਹੋਏ ਕਾਨੂੰਨ ਬਹਾਲ ਕੀਤੇ ਜਾਣ। ਠੇਕੇਦਾਰੀ ਸਿਸਟਮ ਬੰਦ ਕਰਕੇ ਹਰ ਨਾਗਰਿਕ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਸੂਬਾ ਕੌਂਸਲ ਮੈਂਬਰ ਜਸਵੀਰ ਸਿੰਘ ਆਕਲੀਆ, ਬਲਾਕ ਸਕੱਤਰ ਮਿੱਠੂ ਸਿੰਘ ਘੁੱਦਾ, ਪੂਰਨ ਸਿੰਘ ਗੁੰਮਟੀ ਤੇ ਮੱਖਣ ਸਿੰਘ ਗੁਰੂਸਰ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਨਰੇਗਾ ਵਰਗੀ ਮਜ਼ਦੂਰ ਪੱਖੀ ਸਕੀਮ ਖਤਮ ਕਰਕੇ ਗਰੀਬ ਮਜ਼ਦੂਰਾਂ ਦਾ ਰੁਜ਼ਗਾਰ ਖੋਹ ਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ ਅਤੇ ਮਜ਼ਦੂਰਾਂ ਨੂੰ ਘੱਟੋ ਘੱਟ 300 ਦਿਨ ਦਾ ਰੁਜਗਾਰ ਪੂਰੇ ਸਾਲ ਵਿੱਚ ਦਿੱਤਾ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਸਵੀਰ ਕੌਰ ਸਰਾਂ, ਗੁਰਜੰਟ ਸਿੰਘ ਕੋਟਸ਼ਮੀਰ,ਸੁਖਦੇਵ ਸਿੰਘ ਕੁੱਬੇ,ਰਾਜਾ ਸਿੰਘ ਦਾਨ ਸਿੰਘ ਵਾਲਾ,ਸੁਖਦੇਵ ਸਿੰਘ ਨਥਾਣਾ, ਰਣਜੀਤ ਸਿੰਘ ਮਹਿਰਾਜ, ਕੁਕਾ ਸਿੰਘ ਨਥਾਣਾ, ਦੇਸਾ ਸਿੰਘ ਭਾਗੀਵਾਦਰ,ਮੇਜਰ ਸਿੰਘ ਤੁੰਗਵਾਲੀ, ਭਗਵੰਤ ਸਿੰਘ ਲਾਲੇਆਣਾ, ਹਰਦੀਪ ਸਿੰਘ ਮਾਈਸਰਖਾਨਾ,ਸੁਖਨ ਲਾਲ ਝੁੰਬਾ ਆਦਿ ਨੇ ਵੀ ਸੰਬੋਧਨ ਕੀਤਾ।