ਮਜ਼ਦੂਰਾਂ ਦਾ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ’ਚ ਵੱਡਾ ਯੋਗਦਾਨ : ਭੱਲਾ
ਮਜ਼ਦੂਰ ਦਿਵਸ ਮੌਕੇ 100 ਸਾਲਾਂ ਮਜ਼ਦੂਰ ਨੇ ਲੋਕਾਂ ਨੂੰ ਸਮਰਪਿਤ ਕੀਤਾ ਚੇਅਰਮੈਨ ਭੱਲਾ ਦਾ ਨਵਾਂ ਦਫਤਰ
Publish Date: Fri, 01 May 2026 05:51 PM (IST)
Updated Date: Sat, 02 May 2026 04:08 AM (IST)

-100 ਸਾਲਾ ਮਜ਼ਦੂਰ ਨੇ ਲੋਕਾਂ ਨੂੰ ਸਮਰਪਿਤ ਕੀਤਾ ਚੇਅਰਮੈਨ ਭੱਲਾ ਦਾ ਨਵਾਂ ਦਫਤਰ ਵੀਰਪਾਲ ਭਗਤਾ, ਪੰਜਾਬੀ ਜਾਗਰਣ. ਭਗਤਾ ਭਾਈਕਾ : ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੇ ਨਵੇਂ ਦਫਤਰ ਦਾ ਲੋਕ ਅਰਪਣ ਪਿੰਡ ਕੋਠਾਗੁਰੂ ਦੇ 100 ਸਾਲਾਂ ਮਜ਼ਦੂਰ ਦਲੀਪ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਚੇਅਰਮੈਨ ਭੱਲਾ ਨੇ ਕਿਹਾ ਕਿ ਮਜ਼ਦੂਰ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਮਜ਼ਦੂਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਦਿਵਸ ਦੇ ਪਵਿੱਤਰ ਦਿਨ ਇਕ ਸਦੀ ਪੂਰੀ ਕਰ ਚੁੱਕੇ ਮਿਹਨਤੀ ਅਤੇ ਇਮਾਨਦਾਰ ਮਜ਼ਦੂਰ ਦੇ ਹੱਥੋਂ ਨਵੇਂ ਦਫਤਰ ਦਾ ਉਦਘਾਟਨ ਕਰਵਾਉਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਦਲੀਪ ਸਿੰਘ ਵਰਗੇ ਮਿਹਨਤੀ ਲੋਕ ਸਾਡੇ ਲਈ ਪ੍ਰੇਰਣਾ ਸਰੋਤ ਹਨ। ਭੱਲਾ ਨੇ ਦੱਸਿਆ ਕਿ ਨਵੇਂ ਦਫਤਰ ਵਿੱਚ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਦਫਤਰ ਵਿੱਚ ਆਉਣ ਵਾਲੇ ਲੋਕਾਂ ਲਈ ਬੈਠਣ ਦੀ ਵਧੀਆ ਵਿਵਸਥਾ, ਪੀਣ ਵਾਲੇ ਪਾਣੀ ਦੀ ਸਹੂਲਤ, ਸਾਫ਼-ਸੁਥਰਾ ਵਾਤਾਵਰਣ ਅਤੇ ਸ਼ਿਕਾਇਤਾਂ ਸੁਣਨ ਲਈ ਵੱਖਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦਫ਼ਤਰ ਆਮ ਲੋਕਾਂ ਦਾ ਹੈ, ਜਿੱਥੇ ਉਹ ਬੈਠ ਕੇ ਆਪਣੀਆਂ ਸਮੱਸਿਆਵਾਂ ਦੱਸ ਸਕਣਗੇ ਤੇ ਉਨ੍ਹਾਂ ਦਾ ਸਮੇਂ ਸਿਰ ਹੱਲ ਹੋਵੇਗਾ। ਇਸ ਮੌਕੇ 100 ਸਾਲਾ ਦਲੀਪ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਮਿਹਨਤ ਅਤੇ ਸੱਚਾਈ ਨੂੰ ਸਭ ਤੋਂ ਵੱਡੀ ਪੂੰਜੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਹਰ ਵੇਲੇ ਆਪਣੇ ਪਰਿਵਾਰ ਅਤੇ ਸਮਾਜ ਦੀ ਭਲਾਈ ਲਈ ਮਿਹਨਤ ਕਰਦਾ ਹੈ, ਇਸ ਲਈ ਮਜ਼ਦੂਰਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਮਿਹਨਤ ਕਰਨ ਅਤੇ ਇਮਾਨਦਾਰੀ ਨਾਲ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਜਤਿੰਦਰ ਸਿੰਘ ਭੱਲਾ ਨੇ ਦਫ਼ਤਰ ਦਾ ਉਦਘਾਟਨ ਕਰਵਾ ਕੇ ਮੈਨੂੰ ਹੀ ਨਹੀਂ ਸਗੋਂ ਪੂਰੇ ਮਜ਼ਦੂਰ ਵਰਗ ਨੂੰ ਮਾਣ ਸਤਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੀ 100 ਸਾਲ ਦੀ ਜਿੰਦਗੀ ਦੌਰਾਨ ਪਹਿਲੀ ਵਾਰ ਉਸਨੇ ਰੀਬਨ ਕੱਟ ਕੇ ਦਫ਼ਤਰ ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਕੋਠਾ ਗੁਰੂ ਦੇ ਲੋਕਾਂ ਨੇ ਹਾਜ਼ਰੀ ਭਰੀ। ਹਾਜ਼ਰ ਲੋਕਾਂ ਨੇ 100 ਸਾਲਾ ਦਲੀਪ ਸਿੰਘ ਦਾ ਸਨਮਾਨ ਵੀ ਕੀਤਾ ਅਤੇ ਉਨ੍ਹਾਂ ਦੇ ਲੰਬੇ ਜੀਵਨ ਅਤੇ ਮਿਹਨਤੀ ਸੁਭਾਅ ਦੀ ਸ਼ਲਾਘਾ ਕੀਤੀ। ਚੇਅਰਮੈਨ ਭੱਲਾ ਨੇ ਕਿਹਾ ਕਿ ਨਵਾਂ ਦਫਤਰ ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਇਸ ਮੌਕੇ ਰਾਜਿੰਦਰ ਸਿੰਘ ਸੋਢੀ, ਗੋਬਿੰਦਰਪਾਲ ਸਿੰਘ ਸਰਪੰਚ, ਮਿੱਠੂ ਮਾਨ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਰਣਜੀਤ ਉੱਪਲ, ਡਾ. ਰਣਧੀਰ ਸਿੰਘ, ਜਗਸੀਰ ਸਿੰਘ ਜੱਸੜ ਅਤੇ ਸੁਰਜੀਤ ਸਿੰਘ ਸਿੰਘ ਹਾਜ਼ਰ ਸਨ।