ਗੁਰੂ ਕਾਸ਼ੀ ਸਕੂਲ ਦੇ ਬੱਚਿਆਂ ਨੇ ਮਜ਼ਦੂਰ ਦਿਵਸ ’ਤੇ ਕੀਤੀ ਚਰਚਾ
ਗੁਰੂ ਕਾਸ਼ੀ ਸਕੂਲ ਦੇ ਬੱਚਿਆਂ ਨੇ ਮਜ਼ਦੂਰ ਦਿਵਸ ’ਤੇ ਕੀਤੀ ਚਰਚਾ
Publish Date: Fri, 01 May 2026 05:36 PM (IST)
Updated Date: Sat, 02 May 2026 04:08 AM (IST)

-ਕਿਹਾ, ਮਜ਼ਦੂਰ ਦਿਵਸ ਸਾਨੂੰ ਮਜ਼ਦੂਰਾਂ ਦੇ ਮਹੱਤਵ ਬਾਰੇ ਦੱਸਦਾ ਹੈ ਤੇ ਇਹ ਵੀ ਸਿਖਾਉਂਦਾ ਹੈ ਕਿ ਸਾਰੇ ਲੋਕ ਬਰਾਬਰ ਹਨ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ ਮਜ਼ਦੂਰ ਸਮਾਜ ਦੀ ਰੀੜ੍ਹ ਦੀ ਹੱਡੀ ਹਨ, ਪਰ ਉਨ੍ਹਾਂ ਦੀ ਹਾਲਤ ਅਜੇ ਵੀ ਤਰਸਯੋਗ ਹੈ। ਘੱਟ ਮਜ਼ਦੂਰੀ, ਲੰਮੇ ਕੰਮ ਦੇ ਘੰਟੇ ਅਤੇ ਸੁਰੱਖਿਆ ਦੀ ਘਾਟ ਕਾਰਨ ਉਨ੍ਹਾਂ ਦੀ ਜ਼ਿੰਦਗੀ ਮੁਸ਼ਕਲ ਬਣੀ ਰਹਿੰਦੀ ਹੈ। ਮਜ਼ਦੂਰ ਦਿਵਸ ਸਾਨੂੰ ਉਨ੍ਹਾਂ ਦੇ ਹੱਕਾਂ ਅਤੇ ਸੰਘਰਸ਼ਾਂ ਦੀ ਯਾਦ ਦਿਵਾਉਂਦਾ ਹੈ। ਸਥਾਨਕ ਸ਼ਹਿਰ ਦੇ ਨਾਮਵਰ ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਦੇ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਸਬੰਧੀ ਕੀਤੀ ਵਿਚਾਰ ਚਰਚਾ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ। -ਬਾਕਸ- -ਮਜ਼ਦੂਰ ਸੁਪਨਿਆਂ ਨੂੰ ਸੱਚ ਕਰਨ ਲਈ ਘਰੋਂ ਨਿਕਲ ਪੈਂਦਾ ਹੈ ਵਿਦਿਆਰਥਣ ਨਵਰੀਤ ਕੌਰ ਕਲਾਸ 10ਵੀਂ ਬੀ ਦਾ ਕਹਿਣਾ ਹੈ ਕਿ ਮਜ਼ਦੂਰ ਦਿਵਸ ਹਰ ਸਾਲ 1 ਮਈ ਨੂੰ ਮਨਾਇਆ ਜਾਂਦਾ ਹੈ। ਇਹ ਸਿਰਫ਼ ਇਕ ਤਾਰੀਖ ਨਹੀਂ ਸਗੋਂ ਮਜ਼ਦੂਰਾਂ ਦੀ ਮਿਹਨਤ ਨੂੰ ਸਲਾਮ ਕਰਨ ਅਤੇ ਉਨ੍ਹਾਂ ਦੇ ਯੋਗਦਾਨ ਦੀ ਕਦਰ ਕਰਨ ਦਾ ਤਰੀਕਾ ਹੈ। ਜਦੋਂ ਸੂਰਜ ਚੜ੍ਹਦਾ ਹੈ, ਮਜ਼ਦੂਰ ਆਪਣੇ ਸੁਪਨਿਆਂ ਨੂੰ ਹਕੀਕਤ ਬਣਾਉਣ ਲਈ ਘਰੋਂ ਨਿਕਲ ਪੈਂਦਾ ਹੈ। ਉਹ ਦਿਨ-ਰਾਤ ਮਿਹਨਤ ਕਰਕੇ ਆਪਣਾ ਪਸੀਨਾ ਵਹਾ ਕੇ ਆਪਣੀ ਆਈ-ਚਲਾਈ ਤੋਰਦਾ ਹੈ। ਉਹ ਆਪਣੀ ਖ਼ੂਨ-ਪਸੀਨੇ ਦੀ ਕਮਾਈ ਨਾਲ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਦੇਖਰੇਖ ਕਰਦਾ ਹੈ•। -ਬਾਕਸ- -ਮਜ਼ਦੂਰ ਔਖੇ ਤੋਂ ਔਖੇ ਹਾਲਾਤ ’ਚ ਵੀ ਹਾਰ ਨਹੀਂ ਮੰਨਦੇ ਵਿਦਿਆਰਥਣ ਹਰਸਿਮਰਤ ਕੌਰ ਬਰਾੜ ਕਲਾਸ ਨੌਵੀ ਏ ਨੇ ਕਿਹਾ ਕਿ ਇਹ ਦਿਨ ਮਜ਼ਦੂਰਾਂ ਦੇ ਸੰਘਰਸ਼ ਅਤੇ ਉਨ੍ਹਾਂ ਦੇ ਹੱਕਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਮਜ਼ਦੂਰ ਸੜਕਾਂ, ਇਮਾਰਤਾਂ ਅਤੇ ਘਰ ਆਦਿ ਚੀਜ਼ਾਂ ਬਣਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਸਾਡੇ ਸਮਾਜ ਦੀ ਨੀਂਹ ਕਿਹਾ ਜਾਂਦਾ ਹੈ। ਮਜ਼ਦੂਰ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਹਾਰ ਨਹੀਂ ਮੰਨਦੇ। ਸਾਨੂੰ ਮਜ਼ਦੂਰਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਸਰਕਾਰ ਨੇ ਵੀ ਮਜ਼ਦੂਰਾਂ ਦੇ ਹੱਕ ਵਿਚ ਕਈ ਕਾਨੂੰਨ ਬਣਾਏ ਹਨ। ਮਜ਼ਦੂਰ ਦਿਵਸ ਸਾਨੂੰ ਮਜ਼ਦੂਰਾਂ ਦੇ ਮਹੱਤਵ ਬਾਰੇ ਸਮਝਾਉਂਦਾ ਹੈ ਅਤੇ ਇਹ ਵੀ ਸਿਖਾਉਂਦਾ ਹੈ ਕਿ ਸਾਰੇ ਲੋਕ ਬਰਾਬਰ ਹਨ। -ਬਾਕਸ- -ਮਜ਼ਦੂਰ ਸਮਾਜ ਦਾ ਇਕ ਬਹੁਤ ਹੀ ਮਹੱਤਵਪੂਰਨ ਹਿੱਸਾ ਰਵਨੀਤ ਕੌਰ ਜਮਾਤ 9ਵੀਂ ਏ ਦਾ ਕਹਿਣਾ ਹੈ ਕਿ ਮਜ਼ਦੂਰ ਸਮਾਜ ਦਾ ਇਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਮਜ਼ਦੂਰ ਦਿਵਸ ਹਰ ਸਾਲ 1 ਮਈ ਨੂੰ ਮਨਾਇਆ ਜਾਂਦਾ ਹੈ। ਮਜ਼ਦੂਰ ਉਹ ਲੋਕ ਹੁੰਦੇ ਹਨ ਜੋ ਮਿਹਨਤ ਕਰਕੇ ਆਪਣੇ ਸਾਰੇ ਪਰਿਵਾਰ ਦਾ ਪੇਟ ਭਰਦੇ ਹਨ ਤੇ ਪਰਿਵਾਰ ਦੀਆਂ ਹੋਰ ਲੋੜਾਂ ਵੀ ਪੂਰੀਆਂ ਕਰਦੇ ਹਨ। ਮਜ਼ਦੂਰ ਮਿਹਨਤ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ। ਕਈ ਲੋਕ ਸੋਚਦੇ ਹਨ ਕਿ ਮਜ਼ਦੂਰ ਸਿਰਫ਼ ਗਰੀਬ ਹੁੰਦੇ ਹਨ ਪਰ ਅਸਲੀਅਤ ਵਿਚ ਕਈ ਹੁਨਰਮੰਦ ਮਜ਼ਦੂਰ ਚੰਗੀ ਕਮਾਈ ਵੀ ਕਰਦੇ ਹਨ। ਮਜ਼ਦੂਰ ਹਮੇਸ਼ਾ ਸੰਘਰਸ਼ ਕਰਦੇ ਹਨ ਕਿ ਉਹ ਆਪਣੀ ਰੋਜ਼ੀ-ਰੋਟੀ ਕਮਾ ਸਕਣ। ਸਾਨੂੰ ਮਜ਼ਦੂਰਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਹੈ। -ਬਾਕਸ- -ਮਜ਼ਦੂਰ ਕਿਸੇ ਵੀ ਦੇਸ਼ ਦੀ ਤਰੱਕੀ ਦਾ ਆਧਾਰ ਹੁੰਦੇ ਹਨ ਵਿਦਿਆਰਥਣ ਨਵਸ਼ਰਨ ਕੌਰ ਅੱਠਵੀ ਬੀ ਦਾ ਕਹਿਣਾ ਹੈ ਕਿ ਇਹ ਦਿਨ ਦੁਨੀਆ ਭਰ ਦੇ ਮਿਹਨਤਕਸ਼ ਲੋਕਾਂ ਦੇ ਸਤਿਕਾਰ ਵਿਚ ਮਨਾਇਆ ਜਾਂਦਾ ਹੈ। ਮਜ਼ਦੂਰ ਕਿਸੇ ਵੀ ਦੇਸ਼ ਦੀ ਤਰੱਕੀ ਦਾ ਆਧਾਰ ਹੁੰਦੇ ਹਨ। ਉਹ ਦਿਨ ਰਾਤ ਸਖ਼ਤ ਮਿਹਨਤ ਕਰਕੇ ਦੇਸ਼ ਦੀ ਤਰੱਕੀ ਵਿੱਚ ਵੱਡਾ ਹਿੱਸਾ ਪਾਉਂਦੇ ਹਨ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਕੰਮ ਕਰਨ ਵਾਲਾ ਇਨਸਾਨ ਮਾਣ ਦਾ ਹੱਕਦਾਰ ਹੈ। ਸਾਨੂੰ ਉਹਨਾਂ ਦੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਸਮਾਜ ਵਿਚ ਉਨ੍ਹਾਂ ਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ। ਮਜ਼ਦੂਰਾਂ ਦੀ ਉੱਨਤੀ ਵਿਚ ਹੀ ਦੇਸ਼ ਦੀ ਅਸਲ ਖੁਸ਼ਹਾਲੀ ਛੁਪੀ ਹੋਈ ਹੈ। -ਬਾਕਸ- -ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਪ੍ਰਭਜੋਤ ਕੌਰ ਕਲਾਸ ਦਸਵੀਂ ਬੀ ਦਾ ਕਹਿਣਾ ਹੈ ਕਿ ਇਹ ਦਿਨ ਸਿਰਫ਼ ਛੁੱਟੀ ਨਹੀਂ, ਸਗੋਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਕਾਨੂੰਨਾਂ ਬਾਰੇ ਜਾਗਰੂਕ ਕਰਨ ਦਾ ਦਿਨ ਹੈ। ਇਹ ਕਿਰਤੀਆਂ ਦੇ ਸਨਮਾਨ ਦਾ ਮੌਕਾ ਹੈ। ਇਹ ਦੁਨੀਆਂ ਭਰ ਦੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕਰਦਾ ਹੈ। ਭਾਰਤ ਵਿਚ ਪਹਿਲਾ ਮਜ਼ਦੂਰ ਦਿਵਸ 1 ਮਈ 1923 ਨੂੰ ਮਦਰਾਸ ਵਿਚ ਹਿੰਦੁਸਤਾਨ ਦੀ ਲੇਬਰ ਕਿਸਾਨ ਪਾਰਟੀ ਦੁਆਰਾ ਮਨਾਇਆ ਗਿਆ ਸੀ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਗੁਰੂ ਨਾਨਕ ਦੇਵ ਜੀ ਅਨੁਸਾਰ ਕਿਰਤ ਦਾ ਸਤਿਕਾਰ ਹੀ ਸੱਚਾ ਸਨਮਾਨ ਹੈ। ਮਜ਼ਦੂਰ ਦਿਵਸ ਸਾਨੂੰ ਇਹ ਸਿਖਾਉਂਦਾ ਹੈ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। -ਬਾਕਸ- -ਮਜ਼ਦੂਰ ਨੂੰ ਉਸ ਦਾ ਹੱਕ ਮਿਲਣਾ ਚਾਹੀਦਾ ਹੈ ਕੰਚਨ ਗਰਗ 10 ਵੀਂ ਬੀ ਦਾ ਕਹਿਣਾ ਹੈ ਕਿ ਇਹ ਦਿਨ ਮਜ਼ਦੂਰਾਂ ਦੀ ਮਿਹਨਤ ਤੇ ਉਨ੍ਹਾਂ ਦੇ ਯੋਗਦਾਨ ਨੂੰ ਸਮਰਪਿਤ ਹੈ। ਮਜ਼ਦੂਰ ਸਾਡੇ ਦੇਸ਼ ਦੀ ਤਰੱਕੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮਜ਼ਦੂਰ ਦਿਵਸ ਦੀ ਸ਼ੁਰੂਆਤ 1 ਮਈ 1886 ਵਿਚ ਸ਼ਿਕਾਗੋ ਵਿਚ ਹੋਈ। ਇਸ ਅੰਦੋਲਨ ਵਿਚ ਮਜ਼ਦੂਰਾਂ ਨੇ 8 ਘੰਟੇ ਕੰਮ ਦੀ ਮੰਗ ਕੀਤੀ। ਇਸ ਅੰਦੋਲਨ ਵਿੱਚ ਬਹੁਤ ਸਾਰੇ ਮਜ਼ਦੂਰਾਂ ਨੇ ਆਪਣੀ ਜਾਨ ਦੀ ਕੁਰਬਾਨੀ ਕਰ ਦਿੱਤੀ। ਇਸ ਤੋਂ ਬਾਅਦ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਣ ਲੱਗਾ। ਇਹ ਦਿਨ ਸਾਨੂੰ ਮਜ਼ਦੂਰਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦਾ ਹੈ। ਹਰ ਇਕ ਮਜ਼ਦੂਰ ਨੂੰ ਉਸ ਦਾ ਹੱਕ ਮਿਲਣਾ ਚਾਹੀਦਾ ਹੈ।