ਜ਼ਿਲ੍ਹੇ ’ਚ ਕਮਰਸ਼ੀਅਲ ਗੈਸ ਸਿਲੰਡਰ ਮਹਿੰਗੇ, ਵਪਾਰੀ ਚਿੰਤਤ
ਜ਼ਿਲ੍ਹੇ ਵਿਚ ਕਮਰਸ਼ੀਅਲ ਗੈਸ ਸਿਲੰਡਰ ਮਹਿੰਗੇ, ਵਪਾਰੀਆਂ ਵਿਚ ਚਿੰਤਾ ਵਧੀ
Publish Date: Fri, 01 May 2026 05:24 PM (IST)
Updated Date: Sat, 02 May 2026 04:08 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ’ਚ ਕਮਰਸ਼ੀਅਲ ਗੈਸ ਸਿਲੰਡਰਾਂ ਦੇ ਰੇਟ ’ਚ ਅਚਾਨਕ ਹੋਏ ਭਾਰੀ ਵਾਧੇ ਨੇ ਵਪਾਰੀ ਵਰਗ ਦੀ ਚਿੰਤਾ ਵਧਾ ਦਿੱਤੀ ਹੈ। ਸਿਲੰਡਰ ਦੀ ਕੀਮਤ ’ਚ 996 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਹੁਣ ਇਕ ਕਮਰਸ਼ੀਅਲ ਸਿਲੰਡਰ ਦੀ ਕੀਮਤ 3,190 ਰੁਪਏ ਤਕ ਪਹੁੰਚ ਗਈ ਹੈ। ਇਸ ਵਾਧੇ ਦਾ ਸਿੱਧਾ ਅਸਰ ਹੋਟਲਾਂ, ਰੈਸਟੋਰੈਂਟਾਂ, ਢਾਬਾ ਸੰਚਾਲਕਾਂ ਤੇ ਹੋਰ ਛੋਟੇ-ਵੱਡੇ ਵਪਾਰਾਂ 'ਤੇ ਪੈਣ ਦੀ ਸੰਭਾਵਨਾ ਹੈ। ਗੈਸ ਸਿਲੰਡਰ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ-ਕਾਜ ਦਾ ਅਹਿਮ ਹਿੱਸਾ ਹੈ, ਇਸ ਲਈ ਵਧਦੀ ਲਾਗਤ ਕਾਰਨ ਕਾਰੋਬਾਰ ਪ੍ਰਭਾਵਿਤ ਹੋਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ। ਵਪਾਰੀਆਂ ਨੇ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਤੇ ਹੋਰ ਖਰਚਿਆਂ ਦੇ ਦਬਾਅ ਹੇਠ ਕਾਰੋਬਾਰ ਚੱਲ ਰਹੇ ਹਨ, ਉੱਪਰੋਂ ਗੈਸ ਦੀਆਂ ਕੀਮਤਾਂ ’ਚ ਇਸ ਵੱਡੇ ਵਾਧੇ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਢਾਬਾ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸੋਨੀ ਮੁਤਾਬਕ ਗੈਸ ਦੀਆਂ ਕੀਮਤਾਂ ਵਿਚ ਵਾਧੇ ਦਾ ਅਸਰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਤੇ ਵੀ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਲਾਗਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਉਨ੍ਹਾਂ ਨੂੰ ਮਜਬੂਰਨ ਗਾਹਕਾਂ 'ਤੇ ਇਸਦਾ ਬੋਝ ਪਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸਿਲੰਡਰ ਦੀਆਂ ਕੀਮਤਾਂ ਵਧਾਉਣ ਨਾਲ ਗਾਹਕਾਂ ਦੀ ਗਿਣਤੀ ਘੱਟ ਸਕਦੀ ਹੈ, ਜਿਸ ਨਾਲ ਕਾਰੋਬਾਰ ਨੂੰ ਨੁਕਸਾਨ ਝੇਲਣਾ ਪੈ ਸਕਦਾ ਹੈ। ਛੋਟੇ ਵਪਾਰੀਆਂ ਤੇ ਢਾਬਾ ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਕੀਤੇ ਗਏ ਇਸ ਵਾਧੇ 'ਤੇ ਮੁੜ ਵਿਚਾਰ ਕੀਤਾ ਜਾਵੇ। ਇਸ ਤਰ੍ਹਾਂ ਦੀ ਅਚਾਨਕ ਵਾਧੇ ਨਾਲ ਛੋਟੇ ਕਾਰੋਬਾਰੀਆਂ ਲਈ ਆਪਣਾ ਧੰਦਾ ਚਲਾਉਣਾ ਔਖਾ ਹੋ ਜਾਵੇਗਾ। ਦਰਅਸਲ ਬਾਲਣ ਦੀਆਂ ਕੀਮਤਾਂ ਵਿਚ ਉਤਾਰ-ਚੜ੍ਹਾਅ ਦਾ ਸਿੱਧਾ ਅਸਰ ਬਾਜ਼ਾਰ 'ਤੇ ਪੈਂਦਾ ਹੈ। ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਭਵਿੱਖ ’ਚ ਖਾਦ ਪਦਾਰਥਾਂ ਤੇ ਸੇਵਾਵਾਂ ਦੀਆਂ ਕੀਮਤਾਂ ’ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਕੁੱਲ ਮਿਲਾ ਕੇ ਕਮਰਸ਼ੀਅਲ ਗੈਸ ਸਿਲੰਡਰਾਂ ਦੇ ਦਾਮਾਂ ’ਚ ਇਸ ਵਾਧੇ ਨੇ ਬਠਿੰਡਾ ਦੇ ਵਪਾਰਕ ਮਾਹੌਲ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ ’ਚ ਇਸਦੇ ਵਿਆਪਕ ਅਸਰ ਦੇਖਣ ਨੂੰ ਮਿਲ ਸਕਦੇ ਹਨ। ਇਸ ਤੋਂ ਪਹਿਲਾਂ ਖਾੜੀ ਦੇਸ਼ਾਂ ਵਿਚ ਲੱਗੀ ਜੰਗ ਕਾਰਨ ਹੋਟਲਾਂ, ਢਾਬਾ ਸੰਚਾਲਕਾਂ ਅਤੇ ਹੋਰ ਵਪਾਰ ਅਦਾਰਿਆਂ ਨੂੰ ਗੈਸ ਸਿਲੰਡਰ ਨਾਂ ਮਿਲਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਹੁਣ ਗੈਸ ਸਿਲੰਡਰ ਦੀ ਕੀਮਤ ’ਚ ਕੀਤਾ ਵਾਧਾ ਵੱਡਾ ਬੋਝ ਬਣ ਗਿਆ ਹੈ।