ਜ਼ਿਲ੍ਹੇ ’ਚ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ
ਜਿਲ੍ਹੇ ਅੰਦਰ ਅਗਲੇ ਦਿਨਾਂ ’ਚ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ
Publish Date: Fri, 01 May 2026 05:04 PM (IST)
Updated Date: Sat, 02 May 2026 04:14 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਤੇਜ਼ ਹੋਣ ਦੀ ਸੰਭਾਵਨਾ ਬਣ ਰਹੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਨੁਮਾਨ ਅਨੁਸਾਰ ਅਗਲੇ ਕੁਝ ਦਿਨਾਂ ਦੌਰਾਨ ਦਿਨ ਦੇ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ ਅਤੇ ਕਈ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਚੱਲ ਸਕਦੀ ਹੈ। ਇਸ ਨਾਲ ਲੋਕਾਂ ਨੂੰ ਦੁਪਹਿਰ ਵੇਲੇ ਤਿੱਖੀ ਧੁੱਪ ਅਤੇ ਗਰਮ ਹਵਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ 3 ਮਈ ਅਤੇ 5 ਮਈ ਨੂੰ ਕੁਝ ਥਾਵਾਂ ’ਤੇ ਹਲਕੇ ਮੀਂਹ ਜਾਂ ਬੂੰਦਾਬਾਂਦੀ ਦੀ ਸੰਭਾਵਨਾ ਵੀ ਜਤਾਈ ਗਈ ਹੈ, ਜਿਸ ਨਾਲ ਤਾਪਮਾਨ ਵਿੱਚ ਥੋੜ੍ਹੀ ਰਾਹਤ ਮਿਲ ਸਕਦੀ ਹੈ। ਸ਼ੁੱਕਰਵਾਰ ਨੂੰ ਜਿਲ੍ਹੇ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਘੱਟ ਤੋਂ ਘੱਟ ਤਾਪਮਾਨ 22.2 ਡਿਗਰੀ ਸੈਲਸੀਅਸ ਰਿਹਾ। ਗਰਮੀ ਕਾਰਨ ਦੁਪਹਿਰ ਵੇਲੇ ਸੜਕਾਂ ’ਤੇ ਆਵਾਜਾਈ ਘੱਟ ਦੇਖਣ ਨੂੰ ਮਿਲੀ ਅਤੇ ਲੋਕ ਘਰਾਂ ਜਾਂ ਦਫਤਰਾਂ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਨਜ਼ਰ ਆਏ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਮਈ ਮਹੀਨੇ ਦੀ ਸ਼ੁਰੂਆਤ ਨਾਲ ਹੀ ਪੱਛਮੀ ਇਲਾਕਿਆਂ ਵਿੱਚ ਗਰਮੀ ਦਾ ਅਸਰ ਵਧਣਾ ਆਮ ਗੱਲ ਹੈ। ਜੇਕਰ ਹਵਾਵਾਂ ਦੀ ਦਿਸ਼ਾ ਵਿੱਚ ਬਦਲਾਅ ਨਾ ਆਇਆ ਤਾਂ ਅਗਲੇ ਦਿਨਾਂ ਵਿੱਚ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਉੱਪਰ ਵੀ ਜਾ ਸਕਦਾ ਹੈ। ਇਸ ਨਾਲ ਖੇਤੀਬਾੜੀ ਅਤੇ ਆਮ ਜਨ ਜੀਵਨ ਦੋਵੇਂ ਪ੍ਰਭਾਵਿਤ ਹੋ ਸਕਦੇ ਹਨ। ਖਾਸ ਕਰਕੇ ਦੁਪਹਿਰ ਵੇਲੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਡਾਕਟਰਾਂ ਨੇ ਵੀ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਤਿੱਖੀ ਧੁੱਪ ਤੋਂ ਬਚਣ ਲਈ ਦੁਪਹਿਰ 12 ਵਜੇ ਤੋਂ 4 ਵਜੇ ਤਕ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ। ਜੇਕਰ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਸਿਰ ਢੱਕ ਕੇ ਜਾਣ, ਹਲਕੇ ਰੰਗਾਂ ਦੇ ਕੱਪੜੇ ਪਹਿਨਣ ਅਤੇ ਪਾਣੀ ਦੀ ਪੂਰੀ ਮਾਤਰਾ ਲੈਣੀ ਚਾਹੀਦੀ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਖਾਸ ਧਿਆਨ ਦੀ ਲੋੜ ਹੈ, ਕਿਉਂਕਿ ਉਨ੍ਹਾਂ ’ਤੇ ਗਰਮੀ ਦਾ ਅਸਰ ਜ਼ਿਆਦਾ ਹੋ ਸਕਦਾ ਹੈ। ਦੂਜੇ ਪਾਸੇ, 3 ਅਤੇ 5 ਮਈ ਨੂੰ ਹਲਕੀ ਬਾਰਿਸ਼ ਦੀ ਸੰਭਾਵਨਾ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ। ਖੇਤਾਂ ਵਿੱਚ ਖੜ੍ਹੀਆਂ ਸਬਜ਼ੀਆਂ ਅਤੇ ਹੋਰ ਫਸਲਾਂ ਨੂੰ ਇਸ ਨਾਲ ਲਾਭ ਹੋ ਸਕਦਾ ਹੈ। ਜਿਲ੍ਹੇ ਵਿੱਚ ਅਗਲੇ ਕੁਝ ਦਿਨ ਗਰਮੀ ਦਾ ਅਸਰ ਜਾਰੀ ਰਹਿਣ ਵਾਲਾ ਹੈ।