ਕਿਸਾਨ ਜਥੇਬੰਦੀਆਂ ਦੀ ਅਗਵਾਈ ’ਚ ਲੋਕਾਂ ਨੇ ਗੈਸ

-ਏਜੰਸੀ ਵੱਲੋਂ ਬੁਕਿੰਗ ਰੱਦ ਕਰਨ ’ਤੇ ਲੋਕਾਂ ’ਚ ਪਾਇਆ ਜਾ ਰਿਹੈ ਰੋਸ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਵੱਲੋਂ ਸੰਗਤ ਮੰਡੀ ਦੀ ਗੈਸ ਏਜੰਸੀ ਵਿਰੁੱਧ ਧਰਨਾ ਦਿੱਤਾ ਗਿਆ। ਇਸ ਵਿਚ ਕਿਰਤੀ ਕਿਸਾਨ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਮਜ਼ਦੂਰ ਜਥੇਬੰਦੀਆਂ ਵੀ ਸ਼ਾਮਲ ਹੋਈਆਂ। ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਗਹਿਰੀ ਬੁੱਟਰ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਗਹਿਰੀ ਬੁੱਟਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਦੱਸਿਆ ਕਿ ਸੰਗਤ ਇੰਡੇਨ ਸਰਵਿਸ ਗੈਸ ਏਜੰਸੀ ਵੱਲੋਂ ਲੋਕਾਂ ਦੇ ਬੁੱਕ ਕੀਤੇ ਗੈਸ ਸਿਲੰਡਰ ਮਨਮਰਜ਼ੀ ਨਾਲ ਰੱਦ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਪਿੰਡਾਂ ਦੇ ਲੋਕ 2-2 ਮਹੀਨਿਆਂ ਤੋਂ ਗੈਸ ਸਿਲੰਡਰਾਂ ਲਈ ਭਟਕ ਰਹੇ ਹਨ। ਉਥੇ ਮੌਜੂਦ ਗੁਰਪ੍ਰੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਸੰਗਤ ਕਲਾਂ ਨੇ ਦੱਸਿਆ ਕਿ 21 ਜਨਵਰੀ ਤੋਂ ਬਾਅਦ ਉਨ੍ਹਾਂ ਨੂੰ ਗੈਸ ਸਿਲੰਡਰ ਨਹੀਂ ਮਿਲਿਆ, ਇੰਦਰਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਸੰਗਤ ਕਲਾਂ ਅਨੁਸਾਰ 28 ਫਰਵਰੀ ਤੋਂ ਉਹ ਸਿਲੰਡਰ ਲਈ ਭਟਕ ਰਹੇ ਹਨ, ਸੁਰਿੰਦਰ ਕੁਮਾਰ ਪੁੱਤਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ 23 ਫਰਵਰੀ ਸਿਲੰਡਰ ਮਿਲਿਆ ਸੀ ਪ੍ਰੰਤੂ 27 ਫਰਵਰੀ ਨੂੰ ਏਜੰਸੀ ਤੋਂ ਫਰਜੀ ਡਿਲਵਰੀ ਦਾ ਸੰਦੇਸ਼ ਮਿਲਿਆ, ਦੁਬਾਰਾ 6 ਮਾਰਚ ਨੂੰ ਬੁੱਕ ਕੀਤਾ ਸਿਲੰਡਰ ਏਜੰਸੀ ਵੱਲੋਂ 17 ਮਾਰਚ ਨੂੰ ਰੱਦ ਕਰ ਦਿੱਤਾ, ਜੋ ਅਜੇ ਤਕ ਸਿਲੰਡਰ ਨਹੀਂ ਮਿਲਿਆ ਹੈ। ਉਜਵਲਾ ਯੋਜਨਾ ਤਹਿਤ ਸੁਖਵੰਤ ਕੌਰ ਪਤਨੀ ਨੱਥਾ ਸਿੰਘ ਵਾਸੀ ਸੰਗਤ ਕਲਾਂ ਨੂੰ ਬੀਤੀ 10 ਫਰਵਰੀ ਨੂੰ ਸਿਲੰਡਰ ਦਿੱਤਾ ਗਿਆ ਸੀ ਪ੍ਰੰਤੂ ਦੁਬਾਰ ਬੁੱਕ ਕੀਤੇ ਸਿਲੰਡਰ ਨੂੰ ਮਨਮਰਜ਼ੀ ਨਾਲ ਰੱਦ ਕਰ ਦਿੱਤਾ ਗਿਆ। ਚਰਨਜੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਬਾਜਕ ਨੇ ਦੱਸਿਆ ਕਿ ਉਨ੍ਹਾਂ ਨੂੰ 28 ਫਰਵਰੀ ਨੂੰ ਸਿਲੰਡਰ ਮਿਲਿਆ ਸੀ ਪਰ ਦੁਬਾਰਾ ਬੁੱਕ ਕੀਤਾ ਸਿੰਲਡਰ ਏਜੰਸੀ ਵੱਲੋਂ ਰੱਦ ਕਰ ਦਿੱਤਾ ਹੈ। ਫੁੱਲੋ ਮਿੱਠੀ ਦੇ ਜਗਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ 10 ਅਪ੍ਰੈਲ ਨੂੰ ਬੁੱਕ ਕੀਤੇ ਸਿਲੰਡਰ 27 ਫਰਵਰੀ ਨੂੰ ਰੱਦ ਕਰ ਦਿੱਤੇ। ਪਿੰਡ ਬਾਜਕ ਵਾਸੀ ਮਾਈਕਲ ਪੁੱਤਰ ਬਾਬੂ ਲਾਲ ਨੇ ਦੱਸਿਆ ਕਿ 23 ਦਸਬੰਰ 2025 ਤੋਂ ਬਾਅਦ ਉਨ੍ਹਾਂ ਨੂੰ ਸਿਲੰਡਰ ਹੀ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਦੇ ਰੱਦ ਕੀਤੇ ਸਿਲੰਡਰਾਂ ਦੀ ਗਿਣਤੀ ਹਜ਼ਾਰਾਂ ਦੱਸੀ ਜਾ ਰਹੀ ਹੈ, ਪ੍ਰੰਤੂ ਖੁਰਾਕ ਅਤੇ ਸਪਲਾਈ ਵਿਭਾਗ ਤੋਂ ਇਲਾਵਾ ਇੰਡੀਅਨ ਆਇਲ ਕੰਪਨੀ ਅਤੇ ਜ਼ਿਲ੍ਹਾ ਪ੍ਰਸਾਸ਼ਨ ਮੂਕ ਦਰਸ਼ਕ ਕਿਉਂ ਬਣਿਆ ਹੈ, ਇਸ ਗੱਲ ਦੀ ਲੋਕਾਂ ’ਚ ਚਰਚਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਮਨੀਸ਼ ਕੁਮਾਰ ਟਿੰਕੂ ਨੇ ਅਗਲੇ ਦਿਨਾਂ ’ਚ ਸੰਗਤ ਮੰਡੀ ਦੇ ਬਜ਼ਾਰ ਬੰਦ ਕਰਕੇ ਗੈਸ ਏਜੰਸੀ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ ਕਿਹਾ ਹੈ। ਧਰਨੇ ਦੌਰਾਨ ਸਮਾਜਸੇਵੀ ਬਲਵੀਰ ਸਿੰਘ ਬੀਰਾ, ਗੁਰਜੀਤ ਸਿੰਘ ਖਾਲਸਾ, ਪ੍ਰਮਿੰਦਰ ਸਿੰਘ, ਪਵਨ ਕੁਮਾਰ, ਫਰੇਜ਼ ਸਿੰਘ ਨੰਬਰਦਾਰ, ਲਖਵੀਰ ਸਿੰਘ, ਗੋਰਾ ਸਿੰਘ ਗਹਿਰੀ, ਸ਼ਮਿੰਦਰ ਸਿੰਘ ਕੋਟਗੁਰੂ, ਹਰਦੇਵ ਸਿੰਘ ਘੁੱਦਾ, ਕਰਮ ਸਿੰਘ ਸ਼ੇਰਗੜ੍ਹ, ਮਲਕੀਤ ਸਿੰਘ ਪਥਰਾਲਾ, ਪ੍ਰਮਿੰਦਰ ਸਿੰਘ ਬਾਂਡੀ, ਕਰਮ ਸਿੰਘ ਭਗਵਾਨਗੜ੍ਹ, ਜਸਵੰਤ ਸਿੰਘ ਅਤੇ ਮਨਪ੍ਰੀਤ ਸਿੰਘ ਬਾਂਡੀ ਸਮੇਤ ਹੋਰਨਾਂ ਪਿੰਡਾਂ ਦੇ ਵੱਡੀ ਗਿਣਤੀ ਲੋਕ ਉਥੇ ਮੌਜੂਦ ਸਨ। ਥਾਣਾ ਮੁਖੀ ਸੁਖਵਿੰਦਰ ਸਿੰਘ ਬਰਾੜ ਦੇ ਦਫ਼ਤਰ ’ਚ ਬੈਠੇ ਏਜੰਸੀ ਮਾਲਕਾਂ ਵੱਲੋਂ ਧਰਨਾਕਾਰੀਆਂ ਨੂੰ ਗੈਸ ਸਿਲੰਡਰ ਦੇਣ ਦੇ ਵਿਸ਼ਵਾਸ਼ ਤੋਂ ਬਾਅਦ ਸ਼ਾਮ ਸਮੇਂ ਧਰਨਾ ਸਮਾਪਤ ਕਰ ਦਿੱਤਾ ਗਿਆ।