ਬਿਜਲੀ ਕੱਟਾਂ ਦੇ ਵਿਰੋਧ ’ਚ ਭਾਕਿਯੂ ਪੰਜਾਬ ਵੱਲੋਂ ਧਰਨਾ
ਬਿਜਲੀ ਕੱਟਾਂ ਦੇ ਵਿਰੋਧ ’ਚ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਨੇ ਦਿੱਤਾ ਧਰਨਾ
Publish Date: Wed, 29 Apr 2026 07:40 PM (IST)
Updated Date: Thu, 30 Apr 2026 04:14 AM (IST)
-ਤੁਰੰਤ ਸੁਧਾਰ ਲਈ ਐਕਸੀਅਨ ਭਗਤਾ ਭਾਈਕਾ ਨੂੰ ਸੌਂਪਿਆ ਮੰਗ ਪੱਤਰ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸੂਬੇ ਅੰਦਰ ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਦੀ ਖਰਾਬ ਹਾਲਤ ਕਾਰਨ ਲੋਕਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ਤੇ ਸ਼ਹਿਰਾਂ ਵਿਚ ਲੱਗ ਰਹੇ ਲੰਮੇ ਬਿਜਲੀ ਕੱਟਾਂ ਦਾ ਅਸਰ ਨਾ ਸਿਰਫ ਘਰੇਲੂ ਜੀਵਨ ‘ਤੇ ਪੈ ਰਿਹਾ ਹੈ, ਸਗੋਂ ਖੇਤੀਬਾੜੀ ਤੇ ਵਪਾਰਕ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਸਮੱਸਿਆ ਦੇ ਵਿਰੋਧ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਸੂਬੇ ਭਰ ਵਿਚ ਸਬ ਡਵੀਜ਼ਨਲ ਐਕਸੀਅਨ ਦਫ਼ਤਰਾਂ ਅੱਗੇ ਚਾਰ ਘੰਟਿਆਂ ਦੇ ਧਰਨੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ। ਇਸ ਤਹਿਤ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੇ ਬਲਾਕ ਭਗਤਾ ਵੱਲੋਂ ਬਿਜਲੀ ਗਰਿੱਡ ਭਗਤਾ ਭਾਈਕਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਕਰਮਜੀਤ ਸਿੰਘ (ਸੇਵਾ ਮੁਕਤ ਜੇਈ) ਨੇ ਜਾਣਕਾਰੀ ਦਿੱਤੀ ਕਿ ਅਣਐਲਾਨੇ ਬਿਜਲੀ ਕੱਟਾਂ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ‘ਤੇ ਵੀ ਇਸਦਾ ਨਕਾਰਾਤਮਕ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਵੇਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਹਕੀਕਤ ਇਸਦੇ ਉਲਟ ਹੈ। ਉਨ੍ਹਾਂ ਦੱਸਿਆ ਕਿ ਗਰਮੀ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਕਰੀਬ 12,000 ਮੈਗਾਵਾਟ ਹੁੰਦੀ ਹੈ, ਜਦਕਿ ਇਸ ਵੇਲੇ ਸਿਰਫ਼ ਲਗਭਗ 4,200 ਮੈਗਾਵਾਟ ਹੀ ਸਪਲਾਈ ਹੋ ਰਹੀ ਹੈ, ਜੋ ਬਹੁਤ ਘੱਟ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਹਾੜ੍ਹੀ ਦਾ ਸੀਜ਼ਨ ਸਮਾਪਤ ਹੋਣ ਦੇ ਨੇੜੇ ਹੈ, ਪਰ ਖੇਤਾਂ ਲਈ ਲੋੜੀਂਦੀ ਬਿਜਲੀ ਨਹੀਂ ਮਿਲ ਰਹੀ। ਇਸ ਕਾਰਨ ਮੱਕੀ ਅਤੇ ਹਰੇ ਚਾਰੇ ਦੀ ਫਸਲ ਸੁੱਕਣ ਦਾ ਖ਼ਤਰਾ ਬਣਿਆ ਹੋਇਆ ਹੈ, ਜੋ ਪਸ਼ੂ ਪਾਲਣ ‘ਤੇ ਵੀ ਅਸਰ ਪਾ ਸਕਦਾ ਹੈ। ਕਿਸਾਨ ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ। ਧਰਨੇ ਦੇ ਅੰਤ ਵਿਚ ਕਿਸਾਨਾਂ ਨੇ ਐਕਸੀਅਨ ਭਗਤਾ ਭਾਈਕਾ ਨੂੰ ਮੰਗ ਪੱਤਰ ਸੌਂਪ ਕੇ ਪ੍ਰਦਰਸ਼ਨ ਸਮਾਪਤ ਕੀਤਾ। ਇਸ ਮੌਕੇ ਬਲਾਕ ਭਗਤਾ ਪ੍ਰਧਾਨ ਬੂਟਾ ਬਾਜਵਾ ਕੋਠਾਗੁਰੂ ਤੇ ਸਕੱਤਰ ਕਾਕਣ ਸਿੰਘ ਬਾਠ, ਬਲਾਕ ਫੂਲ਼ ਪ੍ਰਧਾਨ ਗੁਰਪ੍ਰੀਤ ਸਿੰਘ ਢਿਪਾਲੀ, ਭਗਤਾ ਬਲਾਕ ਖਜਾਨਚੀ ਮਾਸਟਰ ਸੁਲੱਖਣ ਸਿੰਘ ਭਗਤਾ, ਢਿਪਾਲੀ ਇਕਾਈ ਪ੍ਰਧਾਨ ਕੌਰ ਸਿੰਘ, ਕੌਰ ਸਿੰਘ ਗੁਰੂਸਰ, ਕਾਲਾ ਸਿੰਘ ਭਗਤਾ, ਪੰਮੀ ਸਿੰਘ ਭਗਤਾ, ਹਰਬੰਸ ਕੋਠਾਗੁਰੂ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।