ਬਿਜ਼ਨਸ ਬਲਾਸਟਰ ਸਕੀਮ ਤਹਿਤ ਕਰਵਾਇਆ ਸਮਾਗਮ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਿਜ਼ਨਸ ਬਲਾਸਟਰ ਸਕੀਮ ਅਧੀਨ ਪ੍ਰੋਗਰਾਮ ਕਰਵਾਇਆ
Publish Date: Wed, 29 Apr 2026 06:22 PM (IST)
Updated Date: Thu, 30 Apr 2026 04:11 AM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋਂ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿਚ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ “ਬਿਜ਼ਨਸ ਬਲਾਸਟਰ” ਸਕੀਮ ਅਧੀਨ ਇਕ ਦਿਲਚਸਪ ਅਤੇ ਸਿੱਖਣ ਯੋਗ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਵਿਚ ਵਪਾਰਕ ਸੋਚ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਪ੍ਰਯੋਗਿਕ ਸਿੱਖਿਆ ਦੇਣਾ ਸੀ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਬਿਜ਼ਨਸ ਮਾਡਲ ਪੇਸ਼ ਕੀਤੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ। ਇਸ ਮੌਕੇ ਖਾਣ-ਪੀਣ ਵਾਲੀਆਂ ਸਟਾਲਾਂ ਵਿਚ ਗੋਲ ਗੱਪੇ, ਫਲ ਚਾਟ, ਦਹੀਂ ਭੱਲੇ, ਠੰਢੇ, ਬਰਗਰ, ਫਾਸਟ ਫੂਡ ਆਦਿ ਚੀਜ਼ਾਂ ਸ਼ਾਮਲ ਸਨ। ਹਰ ਸਟਾਲ ‘ਤੇ ਸਮਾਨ ਦੀ ਕੀਮਤ ਸਪਸ਼ਟ ਲਿਖੀ ਹੋਈ ਸੀ ਅਤੇ ਬੱਚਿਆਂ ਨੇ ਆਏ ਹੋਏ ਲੋਕਾਂ ਨਾਲ ਨਿਮਰਤਾ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੀ ਸੇਵਾ ਕੀਤੀ। ਇਸ ਨਾਲ ਬੱਚਿਆਂ ਵਿਚ ਗਾਹਕਾਂ ਨਾਲ ਸਹੀ ਤਰੀਕੇ ਨਾਲ ਗੱਲਬਾਤ ਕਰਨ ਦੀ ਸਮਝ ਵਧੀ। ਇਸ ਤੋਂ ਇਲਾਵਾ ਕੁਝ ਵਿਦਿਆਰਥੀਆਂ ਨੇ ਸਜਾਵਟੀ ਸਮਾਨ ਦੀਆਂ ਸਟਾਲਾਂ ਵੀ ਲਗਾਈਆਂ, ਜਿੱਥੇ ਹੱਥ ਨਾਲ ਬਣੇ ਸੁੰਦਰ ਸਮਾਨ ਵੇਚੇ ਗਏ। ਮਹਿੰਦੀ ਲਗਾਉਣ ਲਈ ਵੀ ਵਿਸ਼ੇਸ਼ ਸਟਾਲਾਂ ਬਣਾਈਆਂ ਗਈਆਂ। ਇਨ੍ਹਾਂ ਸਟਾਲਾਂ ‘ਤੇ ਬੱਚਿਆਂ ਨੇ ਸਧਾਰਣ ਅਤੇ ਸੁੰਦਰ ਡਿਜ਼ਾਇਨ ਬਣਾਕੇ ਸਭ ਦਾ ਧਿਆਨ ਖਿੱਚਿਆ। ਇਸ ਪ੍ਰੋਗਰਾਮ ਦੀ ਅਗਵਾਈ ਸਕੂਲ ਪ੍ਰਿੰਸੀਪਲ ਦਵਿੰਦਰ ਪਾਲ ਬਾਵਾ ਨੇ ਕੀਤੀ। ਉਨ੍ਹਾਂ ਕਿਹਾ ਕਿ “ਬਿਜ਼ਨਸ ਬਲਾਸਟਰ” ਸਕੀਮ ਬੱਚਿਆਂ ਲਈ ਬਹੁਤ ਲਾਭਦਾਇਕ ਹੈ। ਇਸ ਰਾਹੀਂ ਬੱਚੇ ਛੋਟੀ ਉਮਰ ਵਿਚ ਹੀ ਵਪਾਰ ਬਾਰੇ ਸਿੱਖਦੇ ਹਨ ਅਤੇ ਭਵਿੱਖ ਲਈ ਤਿਆਰ ਹੁੰਦੇ ਹਨ। ਉਨ੍ਹਾਂ ਨੇ ਬੱਚਿਆਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ । ਇਸ ਮੌਕੇ ਤੇਜਵਿੰਦਰ ਸਿੰਘ, ਅਰਪਨਾ ਕੌਸ਼ਲ, ਰੇਨੂ ਬਾਲਾ, ਵੀਨਾ ਰਾਣੀ ਅਤੇ ਗੁਰਪ੍ਰੀਤ ਕੌਰ ਨੇ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਦਿੱਤਾ । ।