ਐਮਆਰਐੱਸਪੀਟੀਯੂ ਦੇ ਮੈਰਿਟ ’ਚ ਰਹੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਸ਼ੁਰੂ
ਐਮਆਰਐੱਸਪੀਟੀਯੂ ਦੇ ਮੈਰਿਟ ’ਚ ਰਹਿਣ ਵਾਲੇ 25 ਵਿਦਿਆਰਥੀਆਂ ਲਈ ਦਵਾਰਕਾ ਦਾਸ ਮਿੱਤਲ ਅਕਾਦਮਿਕ ਸਕਾਲਰਸ਼ਿਪ ਦੀ ਹੋਈ ਸ਼ੁਰੂਆਤ
Publish Date: Wed, 29 Apr 2026 05:39 PM (IST)
Updated Date: Thu, 30 Apr 2026 04:11 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ; ਬੀਸੀਐੱਲ ਇੰਡਸਟਰੀਜ਼ ਲਿਮਟਿਡ ਬਠਿੰਡਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਯੂਨੀਵਰਸਿਟੀ ਦੇ ਮੈਰਿਟ ’ਚ ਰਹਿਣ ਵਾਲੇ 25 ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਦਵਾਰਕਾ ਦਾਸ ਮਿੱਤਲ ਅਕਾਦਮਿਕ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ ਹੈ। ਇਸ ਵਿਸ਼ੇਸ਼ ਸਕਾਲਰਸ਼ਿਪ ਤਹਿਤ ਸਿੱਖਿਆ ਦੇ ਖੇਤਰ ’ਚ ਮੱਲ੍ਹਾਂ ਮਾਰਨ ਵਾਲੇ ਚੁਣੇ ਵਿਦਿਅਰਥੀਆਂ ਨੂੰ 25 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਜਿਸ ਦੀ ਕੁਲ ਕੀਮਤ 6 ਲੱਖ 25 ਹਜ਼ਾਰ ਰੁਪਏ ਬਣਦੀ ਹੈ। ਦਵਾਰਕਾ ਦਾਸ ਮਿੱਤਲ ਅਕਾਦਮਿਕ ਸਕਾਲਰਸ਼ਿਪ ਦੀ ਸ਼ੁਰੂਆਤ ਨੂੰ ਲੈ ਕੇ ਐਮਆਰਐੱਸਪੀਟੀਯੂ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ ਨੇ ਬੀਸੀਐੱਲ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਦਾ ਉਨ੍ਹਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਤੇ ਉਦਯੋਗਿਕ ਖੇਤਰ ’ਤੇ ਸਿੱਖਿਆ ਦੇ ਖੇਤਰ ’ਚ ਮਿਲਕੇ ਨਵੇਂ ਹੋਰ ਕੀਤੇ ਜਾਣ ਵਾਲੇ ਕੰਮਾਂ ’ਤੇ ਵਿਚਾਰ ਚਰਚਾ ਵੀ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਵੱਲੋਂ ਡਾ. ਮਨਜੀਤ ਬਾਂਸਲ, ਡੀਨ ਕਨਸਲਟੈਂਸੀ ਅਤੇ ਇੰਡਸਟਰੀ ਲੰਕੇਜ਼ਜ਼ ਅਤੇ ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ ਇੰਜੀਨੀਅਰ ਹਰਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ। ਇਸ ਮੌਕੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮਿੱਤਲ ਪਰਿਵਾਰ ਵੱਲੋਂ ਯੂਨੀਵਰਸਿਟੀ ਦੇ ਅੰਦਰ ਵਿਸ਼ੇਸ਼ ਲੈਬ ਨੂੰ ਖੋਲਿਆ ਗਿਆ ਸੀ। ਇਸ ਕਦਮ ਤੋਂ ਬਾਅਦ ਹੁਣ ਫਿਰ ਯੂਨੀਵਰਸਿਟੀ ਦੇ ਵੱਖ ਵੱਖ ਵਿਸ਼ਿਆਂ ਦੇ ਮੈਰਿਟ ’ਚ ਆਉਣ ਵਾਲੇ 25 ਵਿਦਿਆਰਥੀਆਂ ਲਈ ਇਹ ਵਿਸ਼ੇਸ਼ ਕਦਮ ਦਵਾਰਕਾ ਦਾਸ ਮਿੱਤਲ ਅਕਾਦਮਿਕ ਸਕਾਲਰਸ਼ਿਪ ਤਹਿਤ ਉਠਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਵਿਦਿਆਰਥੀ ਨੂੰ ਯੂਨੀਵਰਸਿਟੀ ਅਤੇ ਬੀਸੀਐੱਲ ਵੱਲੋਂ ਸਾਂਝੇ ਤੌਰ ’ਤੇ ਤਹਿ ਕੀਤੀਆਂ ਗਈਆਂ ਸ਼ਰਤਾਂ ਦੇ ਮੁਤਾਬਕ ਪ੍ਰਤੀ ਵਿਦਿਆਰਥੀ 25 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੋਵੇਂ ਧਿਰਾਂ ਦੀ ਸਾਂਝੀ ਕਮੇਟੀ ਵੱਲੋਂ ਜਿਹੜੇ ਨਿਰਧਾਰਤ ਨਿਯਮ ਤੈਅ ਕੀਤੇ ਜਾਣਗੇ, ਉਸ ਮੁਤਾਬਕ ਹੀ ਇਸ ਸੁਵਿਧਾ ਨੂੰ ਜਾਰੀ ਕੀਤਾ ਜਾਵੇਗਾ। ਇਸ ਮੌਕੇ ਬੀਸੀਐੱਲ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗਰੁੱਪ ਵੱਲੋਂ ਯੂਨੀਵਰਸਿਟੀ ਦੇ ਅੰਦਰ ਲੱਖਾਂ ਰੁਪਏ ਦੀ ਲਾਗਤ ਨਾਲ ਲੈਬ ਨੂੰ ਤਿਆਰ ਕੀਤਾ ਜਾ ਚੁੱਕਾ ਹੈ, ਜਿਸ ਦਾ ਹੁਣ ਤਕ ਸੈਂਕੜੇ ਵਿਦਿਆਰਥੀ ਲਾਭ ਲੈ ਚੁੱਕੇ ਹਨ। ਇਹ ਜਾਰੀ ਕੀਤੀ ਸਕਾਲਰਸ਼ਿਪ ਯੋਜਨਾ ਨਾਲ ਵੀ ਸਿੱਖਿਆ ਦੇ ਖੇਤਰ ’ਚ ਅੱਗੇ ਵਧਣ ਵਾਲੇ ਵਿਦਿਆਰਥੀਆਂ ਨੂੰ ਕਾਫੀ ਵਿੱਤੀ ਮਦਦ ਮਿਲੇਗੀ ਤਾਂ ਜੋ ਉਹ ਆਪਣੇ ਸਿਰਜੇ ਹੋਏ ਸੁਪਨਿਆਂ ਤੇ ਟੀਚਿਆਂ ਨੂੰ ਪੂਰਾ ਕਰ ਸਕਣ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਤੋਂ ਇਲਾਵਾ ਡੀਨ ਡਾ. ਮਨਜੀਤ ਬਾਂਸਲ ਅਤੇ ਡਾਇਰੈਕਟਰ ਹਰਜੋਤ ਸਿੰਘ ਸਿੱਧੂ ਵੱਲੋਂ ਵੀ ਬੀਸੀਐੱਲ ਗਰੁੱਪ ਦਾ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕੀਤਾ ਗਿਆ।