ਧੰਨ ਧੰਨ ਬਾਬਾ ਭਾਈ ਰੂਪ ਚੰਦ ਦੇ ਜਨਮ ਦਿਹਾੜੇ ’ਤੇ ਸਜਾਇਆ ਨਗਰ ਕੀਰਤਨ
ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਏ
Publish Date: Wed, 29 Apr 2026 05:33 PM (IST)
Updated Date: Thu, 30 Apr 2026 04:11 AM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਪਿੰਡ ਭਾਈ ਰੂਪਾ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਮ ਸੇਵਕ ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ਦੇ 88ਵੇਂ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ। ਇਹ ਨਗਰ ਕੀਰਤਨ ਬਾਬਾ ਭਾਈ ਰੂਪ ਚੰਦ ਜੀ ਦੀਵਾਨ ਹਾਲ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਦੀਵਾਨ ਵਿਖੇ ਹੀ ਸਮਾਪਤ ਹੋਇਆ। ਇਸ ਨਗਰ ਕੀਰਤਨ ਵਿਚ ਵੱਖ-ਵੱਖ ਰਾਗੀ ਢਾਡੀ ਅਤੇ ਕਵੀਸਰੀ ਜਥਿਆਂ ਨੇ ਗੁਰੂ ਜੀ ਦਾ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸੰਗਤ ਨੇ ਵਧ ਚੜ੍ਹ ਕੇ ਹਾਜ਼ਰੀ ਲਗਵਾ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਵੱਖ-ਵੱਖ ਕਲੱਬ ਤੇ ਸੰਸਥਾਵਾਂ ਨੇ ਆਪਣੀ ਆਪਣੀ ਡਿਊਟੀ ਨਿਭਾ ਕੇ ਸੇਵਾ ਕੀਤੀ। ਇਸ ਮੌਕੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਨਾਮਧਾਰੀ ਦੇ ਰਾਗੀ ਜਥੇ ਨੇ ਗੁਰਬਾਣੀ ਅਤੇ ਰਸ ਭਿੰਨਾਂ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਪੰਜਾਬ ਦੇ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਬਗੀਚਾ, ਭਾਈ ਸੁਖਪਾਲ ਸਿੰਘ, ਭਾਈ ਸਤਪਾਲ ਸਿੰਘ, ਕਵੀਸਰ ਲਖਬੀਰ ਸਿੰਘ ਤਖਤਪੁਰਾ, ਭਾਈ ਗੁਰਚਰਨ ਸਿੰਘ ਭਾਈ ਰੂਪਾ, ਭਾਈ ਨਗਿੰਦਰ ਪਾਲ ਸਿੰਘ ਢਿਲਵਾਂ ਤੇ ਬੀਬੀ ਹਰਗਨ ਕੌਰ ਮੁਕਤਸਰ ਸਾਹਿਬ ਦੇ ਢਾਡੀ ਤੇ ਕਵੀਸਰ ਜਥਿਆਂ ਨੇ ਸੰਗਤਾਂ ਨੂੰ ਬਾਬਾ ਭਾਈ ਰੂਪ ਚੰਦ ਜੀ ਦੇ ਜੀਵਨ ਇਤਿਹਾਸ ਨਾਲ ਜੋੜਿਆ। ਇਸ ਮੌਕੇ ਸਟੇਜ ਦੀ ਸੇਵਾ ਭਾਈ ਬਲਕਾਰ ਸਿੰਘ ਭਾਈ ਰੂਪਾ ਵੱਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ।
ਇਸ ਮੌਕੇ ਨਗਰ ਦੇ ਨੌਜਵਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਗਰ ਕੀਰਤਨ ਦੇ ਅੱਗੇ ਸਫਾਈ ਅਤੇ ਕਲੀ ਪਾਉਣ ਦੀ ਸੇਵਾ ਨਿਭਾਈ ਗਈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਸਵਾਗਤੀ ਗੇਟ ਸਜਾਏ ਗਏ ਅਤੇ ਵੱਖ ਵੱਖ ਥਾਵਾਂ ’ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਨਗਰ ਕੀਰਤਨ ਦੇ ਪ੍ਰਬੰਧਕਾਂ ਵੱਲੋਂ ਆਈਆਂ ਸੰਗਤਾਂ ਅਤੇ ਸਮੂਹ ਵਾਸੀਆਂ ਦਾ ਧੰਨਵਾਦ ਕੀਤਾ।