ਆਂਗਨਵਾੜੀ ਮੁਲਾਜ਼ਮ 2 ਨੂੰ ਵਿਧਾਇਕ ਦੇ ਘਰ ਅੱਗੇ ਕਰਨਗੇ ਰੋਸ ਮੁਜ਼ਾਹਰਾ
ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ 2 ਮਈ ਨੂੰ ਵਿਧਾਇਕ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
Publish Date: Wed, 29 Apr 2026 05:23 PM (IST)
Updated Date: Thu, 30 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਅਤੇ ਬਲਾਕ ਪ੍ਰਧਾਨ ਲੀਲਾਵਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਮਈ ਨੂੰ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨ ਸੂਬਾ ਕਮੇਟੀ ਵੱਲੋਂ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਤੈਅ ਕੀਤੀ ਸੰਘਰਸ਼ ਰੂਪਰੇਖਾ ਅਨੁਸਾਰ ਕੀਤਾ ਜਾ ਰਿਹਾ ਹੈ। ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਤੋਂ ਘਟੇ ਬੱਚਿਆਂ ਨੂੰ ਮੁੜ ਵਾਪਸ ਲਿਆਂਦਾ ਜਾਵੇ, ਵਰਕਰਾਂ ਨੂੰ ਪ੍ਰੀ-ਨਰਸਰੀ ਅਧਿਆਪਕ ਦਾ ਦਰਜਾ ਦਿੱਤਾ ਜਾਵੇ ਅਤੇ ਸਮਾਰਟ ਫੋਨ ਤੁਰੰਤ ਵੰਡੇ ਜਾਣ। ਯੂਨੀਅਨ ਨੇ ਇਹ ਵੀ ਮੰਗ ਕੀਤੀ ਕਿ “ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ” ਅਧੀਨ ਕੰਮ ਲਈ ਵਰਕਰਾਂ ਨੂੰ 200 ਰੁਪਏ ਅਤੇ ਹੈਲਪਰਾਂ ਨੂੰ 100 ਰੁਪਏ ਪ੍ਰਤੀ ਭੁਗਤਾਨ ਦਿੱਤਾ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੋਂ ਆਰਥਿਕ ਜਨਗਣਨਾ, ਡਰੱਗ ਸਰਵੇ ਅਤੇ ਹੋਰ ਵਾਧੂ ਕੰਮ ਲੈਣੇ ਤੁਰੰਤ ਬੰਦ ਕੀਤੇ ਜਾਣ। ਇਸਦੇ ਨਾਲ ਹੀ ਐਨਜੀਓਜ਼ ਅਧੀਨ ਚੱਲ ਰਹੇ ਕੇਂਦਰਾਂ ਨੂੰ ਸਰਕਾਰੀ ਕੰਟਰੋਲ ਹੇਠ ਵਾਪਸ ਲਿਆਉਣ ਲਈ ਜਾਰੀ ਨੋਟੀਫਿਕੇਸ਼ਨ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੀਖਾ ਕੀਤਾ ਜਾਵੇਗਾ।