ਅੱਤ ਦੀ ਗਰਮੀ ਕਾਰਨ ਲੋਕਾਂ ਦਾ ਜਿਉਣਾ ਮੁਹਾਲ
ਲਗਾਤਾਰ ਪੈ ਰਹੀ ਅੱਤ ਦੀ ਗਰਮੀ ਕਾਰਨ ਆਮ ਲੋਕਾਂ ਦਾ ਜਿਉਣਾ ਹੋਇਆ ਦੁੱਭਰ
Publish Date: Wed, 29 Apr 2026 04:57 PM (IST)
Updated Date: Thu, 30 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਗਤ ਮੰਡੀ : ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ, ਜਿਸ ਕਾਰਨ ਨਾ ਤਾਂ ਲੋਕ ਆਪਣੇ ਘਰਾਂ ਵਿਚ ਬੈਠ ਸਕਦੇ ਹਨ ਅਤੇ ਨਾ ਹੀ ਦੁਕਾਨਾਂ ਵਿਚ। ਤਾਪਮਾਨ 45 ਡਿਗਰੀ ਤੋਂ ਉਪਰ ਜਾ ਰਿਹਾ ਹੈ ਅਤੇ ਪਾਰਾ ਵਧਣ ਨਾਲ ਹੀ ਨਹੀਂ ਸਗੋਂ ਲਗਾਤਾਰ ਤੇਜ਼ ਗ਼ਰਮ ਹਵਾਵਾਂ ਵੀ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ, ਜਿਸ ਕਾਰਨ ਲੋਕਾਂ ਦਾ ਕਾਰੋਬਾਰ ਵੀ ਠੱਪ ਹੋਣ ਕਾਰਨ ਦੁਕਾਨਦਾਰ ਵੀ ਘਰਾਂ 'ਚ ਬੈਠਣ ਲਈ ਮਜਬੂਰ ਹਨ। ਇਸ ਸਬੰਧੀ ਭਾਰਤ ਭੂਸ਼ਣ ਕਰਿਆਨਾ ਸਟੋਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਦੁਕਾਨ ਹੋਣ ਦੇ ਬਾਵਜੂਦ ਵੀ ਪਿਛਲੇ ਕਈ ਦਿਨਾਂ ਤੋਂ ਪੂਰੀ ਤਰ੍ਹਾਂ ਖਾਲੀ ਬੈਠੇ ਹਨ, ਜਿਸ ਦਾ ਸਭ ਤੋਂ ਵੱਡਾ ਕਾਰਨ ਗਾਹਕਾਂ ਦਾ ਘਰਾਂ ਤੋਂ ਬਾਹਰ ਨਾ ਨਿਕਲਣਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹੋਰਨਾਂ ਕਾਰੋਬਾਰਾਂ ਦੀ ਤਰਜ਼ ’ਤੇ ਛੋਟੇ ਦੁਕਾਨਦਾਰਾਂ ਨੂੰ ਵੀ ਵਿੱਤੀ ਸਹਾਇਤਾ ਦਿੱਤੀ ਜਾਵੇ। ਦੂਜੇ ਪਾਸੇ ਇਸ ਸਬੰਧ ਵਿਚ ਡਾ. ਜੁਗਦੇਵ ਸਿੰਘ ਵੈਦ ਕੋਟ ਗੁਰੂ ਕੇ ਨੇ ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਾ ਨਿਕਲਣ, ਲਗਾਤਾਰ ਪਾਣੀ ਪੀਣ, ਘਰੋਂ ਬਾਹਰ ਨਿਕਲਣ ਸਮੇਂ ਆਪਣੇ ਸਰੀਰ ਨੂੰ ਢੱਕਣ ਅਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਦੁਕਾਨਦਾਰ ਜਸਮੇਲ ਸਿੰਘ ਨੇ ਦੱਸਿਆ ਕਿ ਹਰ ਰੋਜ਼ ਤਾਪਮਾਨ ਵੱਧਣ ਕਾਰਨ ਗਰਮੀ ਬਹੁਤ ਜਿਆਦਾ ਵਧ ਗਈ ਹੈ ਅਤੇ ਲੋਕ ਵੱਖ-ਵੱਖ ਜੂਸ ਵਾਲੀਆਂ ਰੇੜੀਆਂ ’ਤੇ ਜੂਸ ਪੀ ਕੇ ਆਪਣੀ ਪਿਆਸ ਬੁਝਾ ਰਹੇ ਹਨ।