ਬੱਚਿਆਂ ਨੂੰ ਗੋਦ ਲੈਣ ਦੀ ਪ੍ਰਕਿਰਿਆ ਬਣਾਈ ਜਾਵੇ ਹੋਰ ਪ੍ਰਭਾਵਸ਼ਾਲੀ : ਡੀਸੀ
ਬੱਚਿਆਂ ਨੂੰ ਗੋਦ ਲੈਣ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ: ਡੀਸੀ
Publish Date: Wed, 29 Apr 2026 04:55 PM (IST)
Updated Date: Thu, 30 Apr 2026 04:08 AM (IST)
-ਬਾਲ ਭਲਾਈ ਕਮੇਟੀ ਦੇ ਕੰਮ ਦੀ ਕੀਤੀ ਸਮੀਖਿਆ ਬੈਠਕ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਜਿਲ੍ਹਾ ਬਠਿੰਡਾ ਵਿਚ ਬੱਚਿਆਂ ਦੀ ਭਲਾਈ ਅਤੇ ਗੋਦ ਲੈਣ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਕ ਮਹੱਤਵਪੂਰਨ ਮੀਟਿੰਗ ਦੀ ਅਗਵਾਈ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿਚ ਚੱਲ ਰਹੀਆਂ ਗੋਦ ਲੈਣ ਦੀਆਂ ਸੇਵਾਵਾਂ ਅਤੇ ਪ੍ਰਕਿਰਿਆਵਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਵਿਚ ਹੋਰ ਸੁਧਾਰ ਲਈ ਲੁੜੀਂਦੇ ਨਿਰਦੇਸ਼ ਜਾਰੀ ਕੀਤੇ ਗਏ। ਮੀਟਿੰਗ ਵਿਚ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਚ ਕੁੱਲ ਦੋ ਗੋਦ ਲੈਣ ਦੀਆਂ ਏਜੰਸੀਆਂ ਸ੍ਰੀ ਅਨੰਤ ਅਨਾਥ ਆਸ਼ਰਮ ਨਥਾਣਾ ਅਤੇ ਰੈਡ ਕਰਾਸ ਅਡਾਪਸ਼ਨ ਏਜੰਸੀ ਮੁੱਖ ਤੌਰ ’ਤੇ ਕੰਮ ਕਰ ਰਹੀਆਂ ਹਨ। ਸਾਲ 2016 ਤੋਂ ਲੈ ਕੇ ਹੁਣ ਤਕ ਕੁੱਲ 48 ਬੱਚਿਆਂ ਨੂੰ ਜੂਵੈਨਾਈਲ ਜਸਟਿਸ ਐਕਟ ਅਨੁਸਾਰ ਗੋਦ ਦਿੱਤਾ ਗਿਆ ਹੈ, ਜੋ ਕਿ ਬੱਚਿਆਂ ਦੀ ਭਲਾਈ ਵੱਲ ਇਕ ਵਧੀਆ ਕਦਮ
ਹੈ। ਅੰਕੜਿਆਂ ਅਨੁਸਾਰ 30 ਲੜਕੀਆਂ ਵਿੱਚੋਂ 20 ਨੂੰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਤੇ 10 ਨੂੰ ਇੰਟਰ-ਕੰਟਰੀ ਗੋਦ ਤਹਿਤ ਸਪੇਨ, ਯੂਐਸਏ, ਇਟਲੀ, ਕੈਨੇਡਾ ਅਤੇ ਦੁਬਈ ਵਰਗੇ ਦੇਸ਼ਾਂ ਵਿਚ ਗੋਦ ਦਿੱਤਾ ਗਿਆ। ਇਸ ਤੋਂ ਇਲਾਵਾ 11 ਲੜਕਿਆਂ ਨੂੰ ਭਾਰਤ ’ਚ ਤੇ 2 ਨੂੰ ਵਿਦੇਸ਼ਾਂ (ਇਟਲੀ ਤੇ ਯੂਐੱਸਏ) ਵਿਚ ਗੋਦ ਦਿੱਤਾ। ਰਿਲੇਟਿਵ ਅਡਾਪਸ਼ਨ ਤਹਿਤ ਵੀ 3 ਬੱਚਿਆਂ ਨੂੰ ਭਾਰਤ ਅਤੇ 2 ਨੂੰ ਯੂਐਸਏ ਵਿਚ ਗੋਦ ਦਿੱਤਾ ਗਿਆ, ਜਿਸ ਨਾਲ ਪ੍ਰਕਿਰਿਆ ਦੀ ਪਾਰਦਰਸ਼ਤਾ ਤੇ ਵਿਸ਼ਵਾਸਯੋਗਤਾ ਦਰਸਾਈ। ਡੀਸੀ ਵੱਲੋਂ ਇੱਛੁਕ ਮਾਪਿਆਂ ਨੂੰ ਅਪੀਲ ਕੀਤੀ ਕਿ ਜਿਹੜੇ ਵੀ ਬੱਚਾ ਗੋਦ ਲੈਣਾ ਚਾਹੁੰਦੇ ਹਨ ਉਹ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਆਨਲਾਈਨ ਪੋਰਟਲ ਰਾਹੀਂ ਅਰਜ਼ੀ ਦੇ ਸਕਦੇ ਹਨ ਜਾਂ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਕਮੇਟੀ ਦੇ ਯੋਗ ਕੇਸਾਂ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਬਾਲ ਭਲਾਈ ਕਮੇਟੀ ਦੇ ਕੰਮ ਦੀ ਵੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੁੱਲ 66 ਕੇਸਾਂ ’ਤੇ ਕਾਰਵਾਈ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਹਰ ਕੇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜੇ ਕਿਸੇ ਵੀ ਕੇਸ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਰੰਤ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇ। ਇਸ ਮੌਕੇ ਚੇਅਰਮੈਨ ਬਿਕਰਮਜੀਤ ਸਿੰਘ, ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ, ਰਾਜਵਿੰਦਰ ਸਿੰਘ, ਬਿੱਕਰ ਸਿੰਘ, ਰਾਕੇਸ਼ ਕੁਮਾਰ, ਐਸ.ਐਲ. ਲਾਤਿਕਾ, ਅਮਨ ਅਰੋੜਾ, ਮੋਹਿਤ ਬਾਂਸਲ ਐਡਵੋਕੇਟ ਆਦਿ ਹਾਜ਼ਰ ਸਨ।