80 ਤੋਂ ਵੱਧ ਵਿਦਿਆਰਥੀਆਂ ਦੇ ਦੰਦਾਂ ਦੀ ਕੀਤੀ ਜਾਂਚ
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮੁਫ਼ਤ ਡੈਂਟਲ ਚੈੱਕਅਪ ਕੈਂਪ ਲਾਇਆ
Publish Date: Wed, 29 Apr 2026 04:45 PM (IST)
Updated Date: Thu, 30 Apr 2026 04:05 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐੱਨਐੱਸਐੱਸ ਵਿਭਾਗ, ਇੰਟਰਨੈਸ਼ਨਲ ਐਜ਼ੂਕੇਸ਼ਨ ਡਿਵੀਜ਼ਨ, ਡਾਇਰੈਕਟਰ ਵਿਦਿਆਰਥੀ ਭਲਾਈ, ਲੋਕ ਸੰਪਰਕ ਵਿਭਾਗ ਤੇ ਫੈਕਲਟੀ ਆਫ਼ ਫਾਰਮਾਸੀਉਟੀਕਲ ਵੱਲੋਂ ਦੋਸਤ ਵੇਲਫੇਅਰ ਸੁਸਾਇਟੀ(ਰਜ਼ਿ.) ਬਠਿੰਡਾ ਦੇ ਸਹਿਯੋਗ ਨਾਲ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ। ਇਸ ਮੌਕੇ ਦੰਦਾਂ ਦੇ ਮਾਹਿਰ ਡਾ. ਰਜਨੀਸ਼ ਜਿੰਦਲ ਅਤੇ ਡਾ. ਯਸ਼ਿਕਾ ਅਗਰਵਾਲ ਦੇ ਟੀਮ ਵੱਲੋਂ ਲਗਭਗ 80 ਤੋਂ ਵੱਧ ਵਿਦਿਆਰਥੀਆਂ ਦੇ ਦੰਦਾਂ ਦਾ ਚੈੱਕਅਪ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਲਈ ਮਾਹਿਰ ਡੈਂਟਿਸਟ ਕੋਲ ਜਾ ਕੇ ਦੰਦਾਂ ਦਾ ਇਲਾਜ ਕਰਵਾਉਣਾ ਸਮੇਂ ਦੀ ਘਾਟ ਕਾਰਨ ਮੁਸ਼ਕਿਲਾਂ ਪੇਸ਼ ਕਰਦਾ ਹੈ। ਇਸ ਲਈ ਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਉੱਦਮ ਸਦਕਾ ਉਨ੍ਹਾਂ ਲਈ ਦੰਦਾਂ ਦੇ ਮੁਫ਼ਤ ਚੈੱਕਅਪ ਕੈਂਪ ਦਾ ਆਯੋਜਨ ‘ਖੂਹ ਵੱਲੋਂ ਪਿਆਸੇ ਕੋਲ ਆ ਕੇ ਪਿਆਸ ਬੁਝਾਉਣ’ ਦੇ ਮੁਹਾਵਰੇ ਅਨੁਸਾਰ ਇੰਟਰਨੈਸ਼ਨਲ ਹੋਸਟਲ ਵਿਖੇ ਕੀਤਾ ਗਿਆ। ਜਿਸ ਦਾ ਵਿਦਿਆਰਥੀਆਂ ਨੂੰ ਖੂਬ ਫਾਇਦਾ ਹੋਇਆ। ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਅਤੇ ਐੱਨਐੱਸਐੱਸ ਕੁਆਰਡੀਨੇਟਰ ਨਰਿੰਦਰ ਕੌਰ ਨੇ ਦੱਸਿਆ ਕਿ ਬਠਿੰਡਾ ਦੇ ਧਰਤੀ ਹੇਠਲੇ ਪਾਣੀ ਦੇ ਠੀਕ ਨਾ ਹੋਣ ਕਾਰਨ ਵਿਦਿਆਰਥੀਆਂ ਵਿਚ ਦੰਦਾਂ ਅਤੇ ਚਮੜੀ ਦੇ ਰੋਗ ਜ਼ਿਆਦਾ ਪਾਏ ਜਾਂਦੇ ਹਨ, ਇਸ ਲਈ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਅਤੇ ਬਿਮਾਰੀਆਂ ਤੋਂ ਨਿਜਾਤ ਲਈ ਇਹ ਕੈਂਪ ਲਾਇਆ ਗਿਆ। ਕੈਂਪ ਨੂੰ ਸਫ਼ਲ ਬਣਾਉਣ ਵਿਚ ਡਾ. ਵਿਕਾਸ ਗੁਪਤਾ ਅਤੇ ਹੋਸਟਲ ਵਾਰਡਨ ਮਿਸਾਲ ਦਾ ਵਿਸ਼ੇਸ਼ ਸਹਿਯੋਗ ਰਿਹਾ।