ਨਰਮੇ ਦੀ ਬਿਜਾਈ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਮੀਟਿੰਗ
ਨਰਮੇ ਦੀ ਬਿਜਾਈ ਨੂੰ ਲੈ ਕੇ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤੀ ਮੀਟਿੰਗ
Publish Date: Wed, 29 Apr 2026 04:23 PM (IST)
Updated Date: Thu, 30 Apr 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨਰਮੇ ਦੀ ਬਿਜਾਈ ਨੂੰ ਲੈ ਕੇ ਡਾ. ਹਰਪ੍ਰੀਤਪਾਲ ਕੌਰ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਜ਼ਿਲ੍ਹੇ ਦੇ ਸਮੂਹ ਬਲਾਕ ਅਫਸਰਾਂ ਦੇ ਨਾਲ ਕੀਤੀ। ਮੀਟਿੰਗ ’ਚ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਸਮੂਹ ਬਲਾਕ ਅਫਸਰਾਂ ਤੋਂ ਨਰਮੇ ਦੀ ਬਿਜਾਈ ਦੇ ਟੀਚਿਆਂ ਦੀ ਵੰਡ ਕੀਤੀ। ਉਨ੍ਹਾਂ ਬਲਾਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੇ ਫੀਲਡ ਸਟਾਫ ਨੂੰ ਹਦਾਇਤ ਕਰਨ ਕਿ ਉਹ ਕਿਸਾਨਾਂ ਵਿਚ ਜਾ ਕੇ ਨਰਮੇ ਦੀ ਬਿਜਾਈ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਦੱਸਿਆ ਕਿ ਨਰਮੇ ਦੀ ਬਜਾਈ 15 ਮਈ ਤਕ ਹੋਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਦੀ ਸਪਲਾਈ ਸਮੇਂ-ਸਿਰ ਚੱਲ ਰਹੀ ਹੈ। ਜੇਕਰ ਕਿਸੇ ਬਲਾਕ ਜਾਂ ਪਿੰਡ ਵਿਚ ਨਹਿਰੀ ਪਾਣੀ ਦੀ ਸਪਲਾਈ ਘੱਟ ਹੈ ਤਾਂ ਕਿਸਾਨ ਵੀਰ ਸਬੰਧਤ ਬਲਾਕ ਅਫਸਰ ਨਾਲ ਸੰਪਰਕ ਕਰਨ। ਨਰਮੇ ਦੇ ਹਰ ਕਿਸਮ ਦੇ ਬੀਜ ਬਾਜ਼ਾਰ ਵਿਚ ਉਪਲੱਬਧ ਹਨ ਅਤੇ ਗੁਜਰਾਤ ਵਿੱਚੋਂ ਆਉਣ ਵਾਲੇ ਬੀਟੀ ਕਾਟਨ ਬੀਜ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਟੀਮਾਂ ਬਣ ਚੁੱਕੀਆਂ ਹਨ, ਜਿਹੜੀਆਂ ਟੀਮਾਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਜ਼ਿਲ੍ਹੇ ਦੇ ਬਾਰਡਰਾਂ ’ਤੇ ਆਉਣ ਵਾਲੀਆਂ ਗੱਡੀਆਂ ਨੂੰ ਚੈੱਕ ਕਰਕੇ ਬੀਟੀ ਕਾਟਨ ਬੀਜ ਨੂੰ ਜ਼ਿਲ੍ਹੇ ਵਿਚ ਆਉਣ ਤੋਂ ਰੋਕਣਗੇ। ਕਿਸਾਨ ਵੀਰ ਨਰਮੇ ਦੀ ਬਿਜਾਈ ਤੋਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਅਤੇ ਪਾਣੀ ਨੂੰ ਜਰੂਰ ਚੈੱਕ ਕਰਾਉਣ। ਮਿੱਟੀ ਪਾਣੀ ਟੈਸਟ ਕਰਵਾਉਣ ਲਈ ਜ਼ਿਲ੍ਹੇ ਵਿਚ ਖੇਤੀ ਭਵਨ ਬਠਿੰਡਾ, ਬਲਾਕ ਖੇਤੀਬਾੜੀ ਦਫ਼ਤਰ ਤਲਵੰਡੀ ਸਾਬੋ ਅਤੇ ਬਲਾਕ ਖੇਤੀਬਾੜੀ ਦਫ਼ਤਰ ਰਾਮਪੁਰਾ ਵਿਖੇ ਮਿੱਟੀ, ਪਾਣੀ ਚੈੱਕ ਕਰਨ ਦੀਆਂ ਲੈਬਾਂ ਹਨ, ਜਿਨ੍ਹਾਂ ਵਿੱਚੋਂ ਕਿਸਾਨ ਵੀਰ ਤੇ ਮੁਫ਼ਤ ਵਿਚ ਆਪਣੇ ਖੇਤ ਦੀ ਮਿੱਟੀ ਪਾਣੀ ਚੈੱਕ ਕਰਵਾ ਸਕਦੇ ਹਨ। ਮਿੱਟੀ ਪਾਣੀ ਚੈੱਕ ਕਰਵਾਉਣ ਨਾਲ ਕਿਸਾਨ ਵੀਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਖੇਤ ਵਿਚ ਕਿਹੜੀ ਖਾਦ ਕਿੰਨੀ ਕੁ ਮਾਤਰਾ ਵਿਚ ਵਰਤਣੀ ਹੈ, ਇਸ ਨਾਲ ਖਾਦਾਂ ਦੀ ਵਰਤੋਂ ਵੀ ਸੰਤੁਲਿਤ ਹੋਵੇਗੀ।