ਕੋਟਗੁਰੂ ਫੀਡਰ ਦੇ ਪੰਜ ਪਿੰਡਾਂ ਦੀ ਬੱਤੀ 17

-ਲਾਈਨ ’ਚ ਤਕਨੀਕੀ ਨੁਕਸ ਪੈਣ ’ਤੇ 5 ਪਿੰਡਾਂ ਦੇ ਲੋਕਾਂ ਨੂੰ ਘੰਟਿਆਂਬੱਧੀ ਕਰਨੀ ਪੈਂਦੀ ਹੈ ਬਿਜਲੀ ਦੀ ਉਡੀਕ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਸੰਗਤ ਗਰਿੱਡ ਅਧੀਨ ਪੈਂਦੇ ਕੋਟਗੁਰੂ ਫੀਡਰ ਦੇ ਪੰਜ ਪਿੰਡਾਂ ਦੇ ਲੋਕਾਂ ਨੂੰ ਪਿਛਲੇ 2 ਦਿਨ ਪਹਿਲਾਂ ਲੱਗਦੇ ਬਿਜਲੀ ਦੇ ਕੱਟਾਂ ਤੋਂ ਕੁੱਝ ਰਾਹਤ ਮਹਿਸੂਸ ਹੋਈ ਸੀ। ਪਰ ਸੋਮਵਾਰ ਰਾਤ ਡੇਢ ਵਜੇ ਆਈ ਹਲਕੀ ਹਨ੍ਹੇਰੀ ਤੋਂ ਬਾਅਦ ਫੀਡਰ ’ਚ ਤਕਨੀਕੀ ਨੁਕਸ਼ ਪੈਣ ਨਾਲ ਪੂਰਾ ਦਿਨ ਬੰਦ ਹੋਈ ਸਪਲਾਈ ਸ਼ਾਮ ਨੂੰ 5 ਵਜੇ ਚਾਲੂ ਕੀਤੀ ਗਈ। ਕਹਿਰ ਦੀ ਗਰਮੀ ਪੈਣ ਸਮੇਂ 17 ਘੰਟੇ ਬਿਜਲੀ ਸਪਲਾਈ ਬੰਦ ਹੋਣ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਅੰਦਰ ਸਬੰਧਤ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਭਾਕਿਯੂ ਉਗਰਾਹਾਂ ਦੇ ਬਲਾਕ ਆਗੂ ਰਾਮ ਸਿੰਘ ਕੋਟਗੁਰੂ ਨੇ ਕਿਹਾ ਕਿ ਵਿਭਾਗ ਵੱਲੋਂ ਤਕਨੀਕੀ ਨੁਕਸ ਪੈਣ ਦੇ ਬਹਾਨੇ ਗਰਮੀ ਦੇ ਮੌਸਮ ਵਿਚ ਜਾਣਬੁੱਝ ਕੇ ਲੋਕਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਜਦੋਂਕਿ ਕਿਸੇ ਇਕ ਪਿੰਡ ਵਿਚ ਫਾਲਟ ਪੈਣ ਨਾਲ ਬਾਕੀ ਦੇ ਚਾਰ ਪਿੰਡਾਂ ਦੀ ਬਿਜਲੀ ਸਪਲਾਈ ਕਿਹੜੇ ਕਾਰਨਾਂ ਕਰਕੇ ਬੰਦ ਕੀਤੀ ਗਈ ਹੈ, ਜਾਂਚ ਦਾ ਵਿਸ਼ਾ ਹੈ।। ਉਨ੍ਹਾਂ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਇਨ੍ਹਾਂ ਪਿੰਡਾਂ ਅੰਦਰ ਫਾਲਟ ਪੈਣ ਦੇ ਬਹਾਨੇ 8 ਤੋ 10 ਘੰਟੇ ਬੱਤੀ ਗੁੱਲ ਰਹਿਣਾ ਆਮ ਜਿਹੀ ਗੱਲ ਬਣੀ ਹੋਈ ਹੈ। ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵੱਡੇ ਵੱਡੇ ਦਾਅਵੇ ਕਰਦਿਆਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਿਜਲੀ ਦੇ ਕੱਟ ਲੱਗਣਾ ਤਾਂ ਦੂਰ ਦੀ ਗੱਲ ਝਮੂਕਾ ਵੀ ਮਾਰਨ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਲੋਕਾਂ ਪ੍ਰਤੀ ਸੱਚਮੁੱਚ ਗੰਭੀਰ ਹਨ ਤਾਂ 17 ਘੰਟੇ ਬਿਜਲੀ ਬੰਦ ਰੱਖਣ ਵਾਲੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ, ਜਿਨ੍ਹਾਂ ਦੀ ਬਦੌਲਤ ਲੋਕਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬਿਜਲੀ ਵਿਭਾਗ ਦੀ ਨਾਲਾਇਕੀ ਤੋ ਦੁੱਖੀ ਪਿੰਡ ਕੋਟਗੁਰੂ ਦੇ ਸਾਬਕਾ ਪੰਚ ਅੰਗਰੇਜ਼ ਸਿੰਘ ਵਿੱਕੀ, ਪਿੰਡ ਮੁਹਾਲਾਂ ਦੇ ਸਾਬਕਾ ਸਰਪੰਚ ਹਰਦੀਪ ਸਿੰਘ, ਪਿੰਡ ਬਾਂਡੀ ਦੇ ਸਾਬਕਾ ਸਰਪੰਚ ਬਹਾਦਰ ਸਿੰਘ ਗਰੇਵਾਲ, ਜਥੇਦਾਰ ਰਛਪਾਲ ਸਿੰਘ ਮਾਨ, ਪਿੰਡ ਫੁੱਲੋ ਮਿੱਠੀ ਦੇ ਸਰਪੰਚ ਅਮਰੀਕ ਸਿੰਘ, ਪਿੰਡ ਧੁਨੀਕੇ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਕੋਟਗੁਰੂ ਫੀਡਰ ਦੇ ਇਨ੍ਹਾਂ ਪਿੰਡਾਂ ਦੀ ਬਿਜਲੀ ਸਪਲਾਈ ’ਚ ਹਰ ਸਮੇਂ ਕੋਈ ਨਾ ਕੋਈ ਨੁਕਸ਼ ਪਿਆ ਹੀ ਰਹਿੰਦਾ ਹੈ, ਜਿਸ ਕਰਕੇ ਲੋਕਾਂ ਨੂੰ ਜ਼ਿਆਦਾਤਰ ਬਿਨਾਂ ਬਿਜਲੀ ਦੇ 7-8 ਘੰਟੇ ਰਹਿਣਾ ਆਮ ਜਿਹੀ ਗੱਲ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਾਇਦ ਹੀ ਸਾਲ ਦਾ ਕੋਈ ਅਜਿਹਾ ਦਿਨ ਹੋਵੇਗਾ, ਜਿਸ ਦਿਨ ਲੋਕਾਂ ਨੂੰ ਪੂਰਾ ਦਿਨ ਨਿਰਵਿਘਨ ਬਿਜਲੀ ਸਪਲਾਈ ਮਿਲੀ ਹੋਵੇ, ਜੇਕਰ ਹਲਕਾ ਮੀਂਹ ਜਾਂ ਹਨ੍ਹੇਰੀ ਆ ਜਾਵੇ ਤਾਂ ਇਨ੍ਹਾਂ ਪਿੰਡਾਂ ਦੀ ਬੱਤੀ ਨੁਕਸ ਪੈਣ ਦਾ ਕਹਿ ਕੇ ਬੰਦ ਕਰ ਦਿੱਤੀ ਜਾਂਦੀ ਹੈ ਪਰ ਜਦੋਂ ਇਸਦੇ ਚਾਲੂ ਕਰਨ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਅੱਗੋਂ ਇਹ ਜਵਾਬ ਮਿਲਦਾ ਹੈ ਕਿ ਲਾਈਨ ’ਚ ਫਾਲਟ ਹੈ, ਇੰਤਜ਼ਾਰ ਕਰੋ।
ਉਨ੍ਹਾਂ ਕਿਹਾ ਕਿ ਜੇਕਰ ਰਾਤ ਦੇ ਸਮੇਂ 9 ਵਜੇ ਤੋਂ ਬਾਅਦ ਲਾਇਨ ’ਚ ਨੁਕਸ਼ ਪੈ ਜਾਵੇ ਤਾਂ ਸਵੇਰ ਸਮੇਂ ਠੀਕ ਕੀਤਾ ਜਾਂਦਾ ਹੈ। ਜਿਸ ਨਾਲ ਲੋਕਾਂ ਨੂੰ ਸਾਰੀ ਰਾਤ ਵਿਭਾਗ ਦੀ ਅਣਗਹਿਲੀ ਦਾ ਖਮਿਆਜ਼ਾ ਹਨ੍ਹੇਰੇ ਵਿਚ ਰਹਿਕੇ ਭੁਗਤਣਾ ਪੈਂਦਾ ਹੈ। ਉਨ੍ਹਾਂ ਪੰਜਾਬ ਸਰਕਾਰ, ਪਾਵਰਕਾਮ ਦੇ ਚੇਅਰਮੈਨ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡਾਂ ਦੀ ਬਿਜਲੀ ਸਪਲਾਈ ਵਿਚ ਜਲਦੀ ਸੁਧਾਰ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਬੇਵਜ੍ਹਾ ਲੱਗਦੇ ਕੱਟਾਂ ਤੋਂ ਛੁਟਕਾਰਾ ਮਿਲ ਸਕੇ । ਬੀਕੇਯੂ ਉਗਰਾਹਾਂ ਦੇ ਬਲਾਕ ਆਗੂ ਰਾਮ ਸਿੰਘ ਕੋਟਗੁਰੂ ਨੇ ਸਬੰਧਤ ਵਿਭਾਗ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਵਿਚ ਜਲਦੀ ਸੁਧਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਵੱਡੇ ਪੱਧਰ ਤੇ ਸਘੰਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ। ਜਿਸ ਦੀ ਜਿੰਮੇਵਾਰੀ ਬਿਜਲੀ ਵਿਭਾਗ ਸੰਗਤ ਦੀ ਹੋਵੇਗੀ।ਇਸ ਬਾਰੇ ਵਿਭਾਗ ਦੇ ਐਸਡੀਓ ਕੇਵਲ ਕ੍ਰਿਸ਼ਨ ਸੇਠੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਕਨੀਕੀ ਨੁਕਸ ਪੈਣ ਕਰਕੇ ਬਿਜਲੀ ਸਪਲਾਈ ਬੰਦ ਹੋਈ ਹੈ, ਜਿਸ ਨੂੰ ਠੀਕ ਕੀਤਾ ਜਾ ਰਿਹਾ।