ਵਧੀਆ ਕਾਰਗੁਜ਼ਾਰੀ ਲਈ ਆਸ਼ਾ ਵਰਕਰ ਸਨਮਾਨਿਤ
ਵਧੀਆ ਕਾਰਗੁਜ਼ਾਰੀ ਲਈ ਆਸ਼ਾ ਵਰਕਰਾਂ ਦਾ ਕੀਤਾ ਸਨਮਾਨ
Publish Date: Tue, 28 Apr 2026 07:03 PM (IST)
Updated Date: Wed, 29 Apr 2026 04:14 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬ ਸਰਕਾਰ ਵੱਲੋਂ ਆਸ਼ਾ ਫੈਸਿਲੀਟੇਟਰ ਅਤੇ ਵਰਕਰ ਦਿਵਸ ਦੇ ਤੌਰ ‘ਤੇ ਮਨਾਏ ਜਾਣ ਵਾਲੇ ਪ੍ਰੋਗਰਾਮ ਤਹਿਤ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸਲ ਦੀਆਂ ਹਦਾਇਤਾਂ ਅਨੁਸਾਰ ਐਸਡੀਐਚ ਤਲਵੰਡੀ ਸਾਬੋ ਵਿਖੇ ਇਹ ਦਿਵਸ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਐੱਸਐੱਮਓ ਡਾ. ਰਵੀ ਕਾਂਤ ਗੁਪਤਾ ਨੇ ਕਿਹਾ ਕਿ ਜੱਚਾ ਅਤੇ ਬੱਚੇ ਦੀ ਸਿਹਤ ਸੰਭਾਲ ਵਿਚ ਆਸ਼ਾ ਵਰਕਰਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਦੀ ਮਹੱਤਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਸਾਲ ਇਹ ਦਿਵਸ ਮਨਾਉਣ ਦਾ ਫੈਸਲਾ ਕਾਬਿਲ-ਏ-ਤਾਰੀਫ਼ ਹੈ, ਜਿਸ ਨਾਲ ਆਸ਼ਾ ਵਰਕਰਾਂ ਦਾ ਮਨੋਬਲ ਹੋਰ ਮਜ਼ਬੂਤ ਹੁੰਦਾ ਹੈ। ਬਲਾਕ ਐਜੂਕੇਟਰ ਗੁਰਸਿਮਰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸਾਲ ਭਰ ਦੌਰਾਨ ਵਧੀਆ ਕੰਮ ਕਰਨ ਵਾਲੀਆਂ ਚਾਰ ਆਸ਼ਾ ਵਰਕਰਾਂ ਤੇ ਉਨ੍ਹਾਂ ਦੀ ਫੈਸਿਲੀਟੇਟਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸਨਮਾਨ ਪ੍ਰਾਪਤ ਕਰਨ ਵਾਲੀਆਂ ਆਸ਼ਾ ਵਰਕਰਾਂ ਵਿਚ ਪਹਿਲੇ ਸਥਾਨ ’ਤੇ ਪਿੰਡ ਜਗਾਰਾਮ ਤੀਰਥ ਦੀ ਸਰਬਜੀਤ ਕੌਰ, ਦੂਜੇ ਸਥਾਨ ’ਤੇ ਪਿੰਡ ਗਿਆਨਾ ਦੀ ਕਰਮਜੀਤ ਕੌਰ ਅਤੇ ਤੀਜੇ ਸਥਾਨ ‘ਤੇ ਪਿੰਡ ਜੀਵਨ ਸਿੰਘ ਵਾਲਾ ਦੀ ਚਰਨਜੀਤ ਕੌਰ ਰਹੀ। ਇਸ ਦੇ ਨਾਲ ਹੀ ਆਸ਼ਾ ਫੈਸਿਲੀਟੇਟਰ ਸੁਖਦੇਵ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਆਸ਼ਾ ਵਰਕਰਾਂ ਨੂੰ ਜੇਤੂਆਂ ਤੋਂ ਪ੍ਰੇਰਨਾ ਲੈ ਕੇ ਆਪਣੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਸਨਮਾਨਿਤ ਵਰਕਰਾਂ ਨੂੰ ਵਧਾਈ ਦਿੱਤੀ ਗਈ।