ਤਿੰਨ ਦਫ਼ਤਰਾਂ ’ਚ ਪੀਣਯੋਗ ਪਾਣੀ ਦਾ ਨਹੀਂ ਪ੍ਰਬੰਧ
ਦਫ਼ਤਰਾਂ ‘ਚ ਸੁੱਕੇ ਗਲ ਨਾਲ ਕੰਮ ਕਰਵਾ ਰਹੇ ਲੋਕ, ਤਿੰਨ ਦਫ਼ਤਰਾਂ ’ਚ ਪੀਣ ਵਾਲੇ ਪਾਣੀ ਦੀ ਨਹੀਂ ਵਿਵਸਥਾ
Publish Date: Tue, 28 Apr 2026 06:20 PM (IST)
Updated Date: Wed, 29 Apr 2026 04:11 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਇਕ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਦੂਜੇ ਪਾਸੇ ਇਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਇਸ ਦਾ ਅੰਦਾਜ਼ਾ ਪੁਰਾਣੀ ਤਹਿਸੀਲ ਕੰਪਲੈਕਸ ਫੂਲ ਵਿਖੇ ਪੁਰਾਣੀ ਅਤੇ ਖਸਤਾ ਹਾਲ ਇਮਾਰਤ ਵਿੱਚ ਚੱਲ ਰਹੇ ਤਿੰਨ ਦਫ਼ਤਰਾਂ ਦੀ ਹਾਲਤ ਵੇਖ ਕੇ ਆਸਾਨੀ ਨਾਲ ਲਾਇਆ ਜਾ ਸਕਦਾ ਹੈ। ਉਕਤ ਇਮਾਰਤ ਵਿੱਚ ਬਣੇ ਵੱਖ-ਵੱਖ ਵਿਭਾਗਾਂ ਦੇ ਤਿੰਨਾਂ ਦਫ਼ਤਰਾਂ ਵਿੱਚ ਰੋਜ਼ਾਨਾ ਸੈਂਕੜੇ ਲੋਕਾਂ ਦੀ ਆਵਾਜਾਈ ਹੁੰਦੀ ਹੈ, ਪਰ ਪੀਣ ਵਾਲੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਦਫ਼ਤਰਾਂ ਦੇ ਕਰਮਚਾਰੀਆਂ ਵੱਲੋਂ ਆਪਣੇ ਪੱਧਰ ‘ਤੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ, ਪਰ ਆਪਣੇ ਜ਼ਰੂਰੀ ਕੰਮ ਲਈ ਇਨ੍ਹਾਂ ਦਫ਼ਤਰਾਂ ’ਚ ਆਉਣ ਵਾਲੇ ਲੋਕ ਸੁੱਕੇ ਗਲ ਨਾਲ ਕੰਮ ਕਰਵਾਉਣ ਲਈ ਮਜਬੂਰ ਹਨ। ਅੱਤ ਦੀ ਗਰਮੀ ਵਿਚ ਦਫ਼ਤਰਾਂ ਵਿਚ ਪੀਣ ਲਈ ਪਾਣੀ ਨਾਂ ਮਿਲਣ ਕਾਰਨ ਲੋਕ ਪ੍ਰੇਸ਼ਾਨ ਹਨ ਉਕਤ ਕੰਪਲੈਕਸ ’ਚ ਬਲਾਕ ਖੇਤੀਬਾੜੀ ਅਫ਼ਸਰ ਫੂਲ (ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ), ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਰਾਮਪੁਰਾ ਫੂਲ ਤੇ ਲੇਬਰ ਇੰਸਪੈਕਟਰ ਦੇ ਦਫ਼ਤਰ ਹੋਣ ਦੇ ਬਾਵਜੂਦ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣਾ ਪ੍ਰਸ਼ਾਸਨਿਕ ਵਿਵਸਥਾ ’ਤੇ ਸਵਾਲ ਖੜ੍ਹੇ ਕਰਦਾ ਹੈ। ਇਸ ਤੋਂ ਇਲਾਵਾ ਕੰਪਲੈਕਸ ਤੋਂ ਕੁਝ ਦੂਰੀ ‘ਤੇ ਸਥਿਤ ਕਾਨੂੰਨਗੋ ਦਫ਼ਤਰ ਵਿੱਚ ਵੀ ਪੀਣ ਵਾਲੇ ਪਾਣੀ ਦੇ ਪ੍ਰਬੰਧ ਨਾਕਾਫ਼ੀ ਨਜ਼ਰ ਆਏ। ਉਕਤ ਦਫ਼ਤਰ ਵਿੱਚ ਰੋਜ਼ਾਨਾ ਆਉਣ ਵਾਲੇ ਪੰਜ ਸੌ ਤੋਂ ਵੱਧ ਲੋਕਾਂ ਲਈ ਸਿਰਫ਼ ਦੋ ਹੀ ਵਾਟਰ ਕੂਲਰ ਲਗੇ ਹੋਏ ਹਨ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਤੇਜ਼ ਹੋਣ ਨਾਲ ਪਾਣੀ ਦੀ ਲੋੜ ਵੀ ਵਧੇਗੀ, ਜਿਸ ਲਈ ਦਫ਼ਤਰ ’ਚ ਵਾਧੂ ਵਾਟਰ ਕੂਲਰ ਲਗਾਉਣ ਬਹੁਤ ਜ਼ਰੂਰੀ ਹਨ। ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਾਰੇ ਸਰਕਾਰੀ ਦਫ਼ਤਰਾਂ ਵਿਚ ਪੀਣ ਵਾਲੇ ਠੰਢੇ ਪਾਣੀ ਦੇ ਪ੍ਰਬੰਧ ਕਰਨੇ ਚਾਹੀਦੇ ਹਨ।