24 ਘੰਟੇ ਬਾਅਦ ਨੌਜਵਾਨ ਦੀ ਲਾਸ਼ ਬਰਾਮਦ, ਸਰਹਿੰਦ ਨਹਿਰ ’ਚ ਮਾਰੀ ਸੀ ਛਾਲ
24 ਘੰਟੇ ਬਾਅਦ ਨੌਜਵਾਨ ਦੀ ਲਾਸ਼ ਬਰਾਮਦ, ਸਰਹਿੰਦ ਨਹਿਰ ਵਿਚ ਮਾਰੀ ਸੀ ਛਾਲ
Publish Date: Tue, 28 Apr 2026 05:27 PM (IST)
Updated Date: Wed, 29 Apr 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੀ ਸਰਹਿੰਦ ਨਹਿਰ ਵਿਚ ਅਣਪਛਾਤੇ ਵਿਅਕਤੀ ਦੀ ਲਾਸ਼ ਲਗਭਗ 24 ਘੰਟੇ ਬਾਅਦ ਬਰਾਮਦ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਨੈਸ਼ਲਨ ਕਾਲੋਨੀ ’ਚ ਇਕ ਨੌਜਵਾਨ ਨੇ ਨਹਿਰ ’ਚ ਛਾਲ ਮਾਰ ਦਿੱਤੀ। ਇਸ ਤੋਂ ਪਹਿਲਾਂ ਕਿ ਆਲੇ-ਦੁਆਲੇ ਮੌਜੂਦ ਲੋਕ ਕੁਝ ਸਮਝ ਪਾਉਂਦੇ, ਪਾਣੀ ਦੇ ਤੇਜ਼ ਵਹਾਅ ਕਾਰਨ ਨੌਜਵਾਨ ਅੱਗੇ ਚਲਿਆ। ਘਟਨਾ ਦੀ ਸੂਚਨਾ ਇਕ ਆਟੋ ਚਾਲਕ ਨੇ ਤੁਰੰਤ ਸਮਾਜ ਸੇਵੀ ਸੰਸਥਾ ਦੀ ਹੈਲਪਲਾਈਨ 'ਤੇ ਦਿੱਤੀ। ਇਸ ਤੋਂ ਬਾਅਦ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਸੂਚਨਾ ਮਿਲਣ 'ਤੇ ਐੱਨਡੀਆਰਐੱਫ ਤੇ ਸਥਾਨਕ ਸਮਾਜ ਸੇਵੀ ਸੰਸਥਾਵਾਂ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਤੇ ਬਚਾਅ ਕਾਰਜ ਸ਼ੁਰੂ ਕੀਤਾ ਪ੍ਰੰਤੂ ਸੋਮਵਾਰ ਸ਼ਾਮ ਤਕ ਕੋਈ ਪਤਾ ਨਹੀਂ ਚਲ ਸਕਿਆ। ਮੰਗਲਵਾਰ ਦੁਪਹਿਰ ਨੂੰ ਸਰਹਿੰਦ ਨਹਿਰ ’ਚ ਝੀਲ ਨੰਬਰ-1 ਦੇ ਗੇਟ ਵਿਚ ਨੌਜਵਾਨ ਦੀ ਲਾਸ਼ ਦਿਖਾਈ ਦਿੱਤੀ। ਇਸ ਤੋਂ ਬਾਅਦ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਕੜੀ ਮਿਹਨਤ ਕਰਕੇ ਲਾਸ਼ ਨੂੰ ਬਾਹਰ ਕੱਢਿਆ। ਸੂਚਨਾ ਮਿਲਣ 'ਤੇ ਥਾਣਾ ਥਰਮਲ ਪੁਲਿਸ ਮੌਕੇ 'ਤੇ ਪਹੁੰਚੀ ਤੇ ਮੁੱਢਲੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਜੇ ਤਕ ਕੋਈ ਪਛਾਣ ਨਹੀਂ ਹੋ ਸਕੀ ਹੈ। ਆਲੇ-ਦੁਆਲੇ ਦੇ ਥਾਣਿਆਂ ਵਿਚ ਦਰਜ ਗੁਮਸ਼ੁਦਾ ਦੀਆਂ ਰਿਪੋਰਟਾਂ ਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਨੌਜਵਾਨ ਦੀ ਪਛਾਣ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ ਅਤੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।