ਕਥਕ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਕੀਤਾ ਮੰਤਰ-ਮੁਗਧ
ਬਲਵੰਤ ਗਾਰਗੀ ਆਡੀਟੋਰੀਅਮ ਵਿਚ ਕਥਕ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਮਨ ਮੋਹਿਆ
Publish Date: Tue, 28 Apr 2026 04:46 PM (IST)
Updated Date: Wed, 29 Apr 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿਚ ‘ਨ੍ਰਿਤ ਅਰਪਣ–ਏ ਕਥਕ ਆਫਰਿੰਗ ਟੂ ਦਿ ਡਿਵਾਈਨ’ ਨਾਮਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ। ਪ੍ਰੇਰਣਾ ’ਚ ਕਥਕ ਨ੍ਰਿਤਿਆਲਿਆ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਭਾਰਤੀ ਸ਼ਾਸਤਰੀ ਨ੍ਰਿਤ ਦੀ ਸੁੰਦਰਤਾ, ਲੈਅ ਅਤੇ ਭਾਵਾਂ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਿਆ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਮੰਗਲਾਚਰਨ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕਥਕ ਦੀਆਂ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਗੁਰੂ-ਸ਼ਿਸ਼ ਪਰੰਪਰਾ ਤੇ ਭਾਰਤੀ ਸੰਸਕ੍ਰਿਤੀ ਦੀ ਮਰਿਆਦਾ ਨੂੰ ਮੰਚ 'ਤੇ ਜੀਵੰਤ ਕੀਤਾ। ਨਾਚ ਵਿਚ ਭਾਵ, ਤਾਲ ਤੇ ਤਕਨੀਕੀ ਮੁਹਾਰਤ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ, ਜਿਸ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ। ਇਸ ਮੌਕੇ ਅਸਾਮ ਤੋਂ ਆਏ ਨਾਮਵਰ ਕਲਾਕਾਰ ਕੌਸ਼ਿਕ ਦੱਤਾ (ਕਥਕ) ਅਤੇ ਲੱਖਿਆਜੀਤ ਬਰੂਆ (ਕਥਕ ਅਤੇ ਸੱਤਰੀਆ) ਦੀਆਂ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਦੋਵਾਂ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਭਾਰਤੀ ਸ਼ਾਸਤਰੀ ਨ੍ਰਿਤ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਇਆ। ਸੱਤਰੀਆ ਅਤੇ ਕਥਕ ਦੇ ਸੰਗਮ ਨੇ ਪ੍ਰੋਗਰਾਮ ਨੂੰ ਨਵਾਂ ਆਯਾਮ ਦਿੱਤਾ।
ਪ੍ਰੇਰਣਾ ਵਾਲੀਵਡੇਕਰ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸਮੂਹ ਤੇ ਇਕੱਲੇ ਨਾਚ ਨੇ ਵੀ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਪੇਸ਼ਕਾਰੀਆਂ ਰਾਹੀਂ ਭਗਤੀ, ਸੁੰਦਰਤਾ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕੀਤਾ ਗਿਆ। ਕਥਕ ਗੁਰੂ ਪ੍ਰੇਰਣਾ ਵਾਲੀਵਡੇਕਰ ਨੇ ਕਿਹਾ ਕਿ ‘ਨ੍ਰਿਤ ਅਰਪਣ’ ਉਨ੍ਹਾਂ ਲਈ ਸਿਰਫ਼ ਮੰਚ ਦੀ ਪੇਸ਼ਕਾਰੀ ਨਹੀਂ, ਸਗੋਂ ਸ਼ਾਸਤਰੀ ਨ੍ਰਿਤ ਰਾਹੀਂ ਬ੍ਰਹਮਤਾ ਨੂੰ ਸਮਰਪਿਤ ਇਕ ਅਧਿਆਤਮਿਕ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਯਤਨ ਨਵੀਂ ਪੀੜ੍ਹੀ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨਾ ਤੇ ਕਥਕ ਵਰਗੀ ਪਰੰਪਰਾ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਆਯੋਜਨ ਕਲਾ ਸਾਧਨਾ, ਅਨੁਸ਼ਾਸਨ ਅਤੇ ਗੁਰੂ-ਸ਼ਿਸ਼ ਪਰੰਪਰਾ ਨੂੰ ਸਮਰਪਿਤ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਰਾਹੀਂ ਸ਼ਾਸਤਰੀ ਕਲਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸਮਾਗਮ ’ਚ ਸ਼ਹਿਰ ਦੇ ਪਤਵੰਤੇ ਨਾਗਰਿਕ, ਕਲਾ ਪ੍ਰੇਮੀ ਤੇ ਵੱਡੀ ਗਿਣਤੀ ’ਚ ਦਰਸ਼ਕ ਹਾਜ਼ਰ ਸਨ।