“ਬ੍ਰੇਨ ਆਫ ਬੈਟਲ” ’ਚ ਹਰਦੀਪ ਸਿੰਘ ਰਿਹਾ ਅੱਵਲ
“ਬ੍ਰੇਨ ਆਫ ਬੈਟਲ” ਵਿਚ ਗਲੋਬਲ ਡਿਸਕਵਰੀ ਸਕੂਲ ਦਾ ਵਿਦਿਆਰਥੀ ਛਾਇਆ
Publish Date: Mon, 27 Apr 2026 07:24 PM (IST)
Updated Date: Tue, 28 Apr 2026 04:11 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਸਰਾਫ਼ ਐਡੂਬੀਕਨਜ਼ ਗਲੋਬਲ ਡਿਸਕਵਰੀ ਸਕੂਲ ਲਈ ਮਾਣ ਵਾਲਾ ਪਲ ਉਸ ਸਮੇਂ ਬਣਿਆ ਜਦੋਂ ਕਲਾਸ ਨੌਂਵੀ ਦੇ ਵਿਦਿਆਰਥੀ ਹਰਦੀਪ ਸਿੰਘ ਨੇ ਪ੍ਰਸਿੱਧ ਜਨਰਲ ਨੋਲੇਜ ਕਵਿਜ਼ ਮੁਕਾਬਲੇ “ਬ੍ਰੇਨ ਆਫ ਬੈਟਲ” ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਰਾਇਤ ਬਹਾਰਾ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਵਰੁਣ ਬਾਂਸਲ ਦੇ ਨਿਰਦੇਸ਼ਨ ਹੇਠ ਕਰਵਾਏ ਇਸ ਮੁਕਾਬਲੇ ਵਿਚ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਜੰਮੂ-ਕਸ਼ਮੀਰ, ਲੱਦਾਖ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਦੇ ਚਾਰ ਮੁੱਢਲੇ ਰਾਊਂਡਾਂ ਵਿਚ ਆਪਣੀ ਯੋਗਤਾ ਸਾਬਤ ਕਰਦਿਆਂ ਹਰਦੀਪ ਸਿੰਘ ਨੇ ਗ੍ਰੈਂਡ ਫਿਨਾਲੇ ’ਚ ਆਪਣੀ ਜਗ੍ਹਾ ਬਣਾਈ ਅਤੇ ਅੰਤ ਵਿਚ ਸੀਜ਼ਨ-12 ਦਾ ਖਿਤਾਬ ਆਪਣੇ ਨਾਮ ਕੀਤਾ। ਹਰਦੀਪ ਨੂੰ ਇਸ ਉਪਲਬਧੀ ਲਈ ਸਰਟੀਫਿਕੇਟ, 5100 ਰੁਪਏ ਨਕਦ ਇਨਾਮ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਉਸਦੀ ਇਸ ਕਾਮਯਾਬੀ ਨਾਲ ਨਾ ਸਿਰਫ਼ ਉਸਦੇ ਪਰਿਵਾਰ, ਸਗੋਂ ਪੂਰੇ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਦੇ ਵਾਈਸ ਚੇਅਰਮੈਨ ਅਮਿਤ ਸਰਾਫ਼ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਹਰਦੀਪ ਸਿੰਘ ਦੀ ਇਹ ਸਫਲਤਾ ਉਸਦੀ ਲਗਨ, ਮਿਹਨਤ ਅਤੇ ਸਕੂਲ ਵੱਲੋਂ ਮਿਲੇ ਮਾਰਗਦਰਸ਼ਨ ਦਾ ਨਤੀਜਾ ਹੈ। ਉਨ੍ਹਾਂ ਨੇ ਹਰਦੀਪ ਦੇ ਮਾਤਾ-ਪਿਤਾ ਹਰਪ੍ਰੀਤ ਕੌਰ ਅਤੇ ਯਾਦਵਿੰਦਰ ਸਿੰਘ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਸਾਬਤ ਹੋਵੇਗੀ।