14 ਮਹੀਨੇ ਬੀਤਣ ਬਾਅਦ ਵੀ ਨਹੀਂ ਲੱਗਿਆ ਬਿਜਲੀ ਮੀਟਰ
14 ਮਹੀਨੇ ਬੀਤਣ ਬਾਅਦ ਵੀ ਨਹੀਂ ਲੱਗਿਆ ਬਿਜਲੀ ਮੀਟਰ
Publish Date: Mon, 27 Apr 2026 06:31 PM (IST)
Updated Date: Tue, 28 Apr 2026 04:10 AM (IST)
-ਖ਼ਪਤਕਾਰ ਨੇ ਅਧਿਕਾਰੀਆਂ 'ਤੇ ਕਾਰਵਾਈ ਤੇ 84 ਹਜ਼ਾਰ ਦਾ ਮੰਗਿਆ ਮੁਆਵਜ਼ਾ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ :
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਦਿਆਂ ਇਕ ਉਪਭੋਗਤਾ ਨੇ ਬਿਜਲੀ ਮੀਟਰ ਲਗਾਉਣ ਵਿਚ ਭਾਰੀ ਦੇਰੀ ਦਾ ਦੋਸ਼ ਲਾਇਆ ਹੈ। ਖ਼ਪਤਕਾਰ ਅਨੁਸਾਰ ਅਪਲਾਈ ਕਰਨ ਅਤੇ ਫੀਸ ਜਮ੍ਹਾਂ ਕਰਵਾਉਣ ਦੇ ਬਾਵਜੂਦ ਕਰੀਬ 422 ਦਿਨਾਂ (14 ਮਹੀਨਿਆਂ) ਵਿਚ ਵੀ ਮੀਟਰ ਨਹੀਂ ਲਗਾਇਆ ਗਿਆ। ਖ਼ਪਤਕਾਰ ਨੇ 4 ਮਾਰਚ 2025 ਨੂੰ ਨਵਾਂ ਬਿਜਲੀ ਮੀਟਰ ਲਗਾਉਣ ਲਈ ਅਪਲਾਈ ਕੀਤਾ ਸੀ ਅਤੇ ਉਸੇ ਦਿਨ ਨਿਰਧਾਰਤ ਫੀਸ ਰਸੀਦ ਨੰਬਰ 219500586431 ਰਾਹੀਂ ਜਮ੍ਹਾਂ ਕਰਵਾ ਦਿੱਤੀ ਸੀ। ਇਸ ਦੇ ਕਰੀਬ ਅੱਠ ਮਹੀਨਿਆਂ ਬਾਅਦ 17 ਨਵੰਬਰ 2025 ਨੂੰ ਵਿਭਾਗ ਦਾ ਇਕ ਜੂਨੀਅਰ ਇੰਜੀਨੀਅਰ (ਜੇਈ) ਮੌਕੇ ’ਤੇ ਪਹੁੰਚਿਆ ਅਤੇ ਵਾਧੂ ਅਰਜ਼ੀ ਜਮ੍ਹਾਂ ਕਰਵਾਉਣ ਲਈ ਕਿਹਾ। ਉਪਭੋਗਤਾ ਨੇ 5 ਦਸੰਬਰ 2025 ਨੂੰ ਸਬੰਧਤ ਦਫ਼ਤਰ ਵਿਚ ਅਰਜ਼ੀ ਵੀ ਜਮ੍ਹਾਂ ਕਰਵਾ ਦਿੱਤੀ। ਇਸ ਦੇ ਬਾਵਜੂਦ ਹੁਣ ਤਕ ਮੀਟਰ ਨਹੀਂ ਲਗਾਇਆ ਗਿਆ। ਉਪਭੋਗਤਾ ਦਾ ਦੋਸ਼ ਹੈ ਕਿ ਸਬੰਧਤ ਐਕਸੀਅਨ, ਐਸਡੀਓ. ਅਤੇ ਜੇਈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ’ਚ ਅਸਫਲ ਰਹੇ ਹਨ। ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਿਯਮਾਂ ਅਨੁਸਾਰ ਪਰਿਸਰ ਵਿਚ ਬਿਜਲੀ ਮੀਟਰ ਲਗਾਉਣ ਜਾਂ ਬਦਲਣ ਦੀ ਸਮਾਂ ਸੀਮਾ ਤਿੰਨ ਦਿਨ ਨਿਰਧਾਰਤ ਹੈ। ਜੇਕਰ ਮਿੱਥੇ ਸਮੇਂ ਵਿਚ ਕੰਮ ਨਹੀਂ ਹੁੰਦਾ, ਤਾਂ ਸਬੰਧਤ ਅਧਿਕਾਰੀਆਂ ਨੂੰ 200 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸੇ ਆਧਾਰ 'ਤੇ ਉਪਭੋਗਤਾ ਨੇ ਕਰੀਬ 422 ਦਿਨਾਂ ਦੀ ਦੇਰੀ ਲਈ 84 ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਨਾਲ ਹੀ ਬਿਜਲੀ ਮੰਤਰੀ ਸੰਜੀਵ ਅਰੋੜਾ, ਮੁੱਖ ਮੰਤਰੀ ਭਗਵੰਤ ਮਾਨ, ਮੁੱਖ ਸਕੱਤਰ, ਪੀਐੱਸਪੀਸੀਐੱਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ, ਚੀਫ਼ ਇੰਜੀਨੀਅਰ ਬਠਿੰਡਾ ਜ਼ੋਨ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸ਼ਿਕਾਇਤ ਭੇਜ ਕੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਹੈ। ਉਪਭੋਗਤਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਉਹ ਮਾਮਲਾ ਜ਼ਿਲ੍ਹਾ ਉਪਭੋਗਤਾ ਫੋਰਮ ਵਿਚ ਲੈ ਕੇ ਜਾਵੇਗਾ।