ਸਰਕਾਰ ਬਣਾਉਣ ਲਈ ਮਿਹਨਤ ਕਰਨ ਵਰਕਰਜ਼ : ਗੁਰਪ੍ਰੀਤ ਸਿੰਘ ਮਲੂਕਾ
ਮਲੂਕਾ ਨੇ ਪੜ੍ਹਾਇਆ ਭਾਜਪਾ ਆਗੂਆਂ ਨੂੰ ਸਮਰਪਿਤ ਭਾਵਨਾ ਦਾ ਪਾਠ
Publish Date: Mon, 27 Apr 2026 06:27 PM (IST)
Updated Date: Tue, 28 Apr 2026 04:10 AM (IST)
-ਮਲੂਕਾ ਨੇ ਪੜ੍ਹਾਇਆ ਭਾਜਪਾ ਆਗੂਆਂ ਨੂੰ ਸਮਰਪਿਤ ਭਾਵਨਾ ਦਾ ਪਾਠ
36) ਕੈਂਪ ਦੌਰਾਨ ਦਿਆਲ ਸੋਢੀ ਨੂੰ ਸਨਮਾਨਿਤ ਕਰਦੇ ਹੋਏ ਗੁਰਪ੍ਰੀਤ ਮਲੂਕਾ।
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਭਾਜਪਾ ਵੱਲੋਂ ਪਾਰਟੀ ਦੀ ਮਜ਼ਬੂਤੀ ਅਤੇ ਬੂਥ ਪੱਧਰ ਤੱਕ ਪਹੁੰਚ ਬਣਾਉਣ ਲਈ ਆਯੋਜਿਤ ਮਹਾਂ-ਸਿਖਲਾਈ ਅਭਿਆਨ ਦੌਰਾਨ ਜਿੱਥੇ ਸੰਘ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਤੇ ਬੁਲਾਰਿਆਂ ਨੇ ਵਰਕਰਾਂ ਨੂੰ ਭਾਜਪਾ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਲਈ ਪ੍ਰੇਰਿਤ ਕੀਤਾ, ਉੱਥੇ ਹੀ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਜ਼ਿਲ੍ਹਾ ਪੱਧਰੀ ਆਗੂਆਂ ਨੂੰ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮਲੂਕਾ ਨੇ ਕਿਹਾ ਕਿ ਜੇਕਰ ਪਾਰਟੀ ਵਿੱਚ ਜ਼ਿਲ੍ਹਾ ਪੱਧਰ ਦੇ ਆਗੂ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਸੀਨੀਅਰ ਆਗੂ ਪਾਰਟੀ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਦਿਲੋਂ ਕੰਮ ਕਰਨ ਅਤੇ ਜ਼ਿਲ੍ਹਾ ਪੱਧਰੀ ਆਗੂ ਹਰ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ। ਪਾਰਟੀ ਲਈ ਕੰਮ ਕਰਨ ਲਈ ਨਿੱਜੀ ਰੁਝੇਵਿਆਂ ਨੂੰ ਵੀ ਅੱਖੋਂ ਓਹਲੇ ਕਰਨਾ ਪੈਂਦਾ ਹੈ। ਮਲੂਕਾ ਨੇ ਨਾਮ ਲਏ ਬਿਨਾਂ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਫੋਟੋਸ਼ੂਟ ਤਕ ਸੀਮਤ ਰਹਿਣ ਵਾਲੇ ਆਗੂ ਸਰਕਾਰ ਬਣਨ ਤੋਂ ਬਾਅਦ ਪਾਰਟੀ ਜਾਂ ਸਰਕਾਰ ਵਿੱਚ ਮਾਣ-ਸਨਮਾਨ ਦੀ ਉਮੀਦ ਨਾ ਰੱਖਣ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭਾਜਪਾ ਆਪਣੇ ਦਮ 'ਤੇ ਚੋਣਾਂ ਲੜਨ ਦਾ ਮਨ ਬਣਾ ਚੁੱਕੀ ਹੈ। ਸੂਬੇ ਵਿੱਚ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਲੋਕ ਨਕਾਰ ਚੁੱਕੇ ਹਨ। ਸੂਬੇ ਵਿੱਚ ਭਾਜਪਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸਰਕਾਰ ਬਣਾਉਣ ਲਈ ਸਾਰੇ ਸਮੀਕਰਨ ਭਾਜਪਾ ਦੇ ਹੱਕ ਵਿੱਚ ਹਨ।
ਸੀਨੀਅਰ ਆਗੂ ਵਰਕਰਾਂ ਨਾਲ ਮਿਲ ਕੇ ਬੂਥ ਪੱਧਰ ਤੱਕ ਪਹੁੰਚ ਬਣਾਉਣ। ਆਉਣ ਵਾਲੇ ਕੁਝ ਮਹੀਨਿਆਂ ਦੀ ਤੁਹਾਡੀ ਮਿਹਨਤ ਨਾਲ ਸੂਬੇ ਦੀ ਨੁਹਾਰ ਬਦਲ ਸਕਦੀ ਹੈ। ਸੂਬਾ ਜਨਰਲ ਸਕੱਤਰ ਦਿਆਲ ਸੋਢੀ ਨੇ ਵੱਖ-ਵੱਖ ਮੋਰਚਿਆਂ ਦੇ ਪ੍ਰਧਾਨਾਂ ਨੂੰ ਨਿਰਦੇਸ਼ ਦਿੱਤੇ ਕਿ ਮੋਰਚੇ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੀ ਆਪਣੇ ਵਿੰਗ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਨਾਲ ਜੋੜਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਮੋਰਚਾ ਪ੍ਰਧਾਨਾਂ ਦੇ ਕੰਮ ਦਾ ਜ਼ਮੀਨੀ ਪੱਧਰ 'ਤੇ ਆਕਲਣ ਕਰਨ ਦੀ ਗੱਲ ਵੀ ਕਹੀ। ਇਹ ਜਾਣਕਾਰੀ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਸਾਂਝੀ ਕੀਤੀ।