ਓਂਨਟਾਰੀਓ 'ਚ ਸਿੱਖ ਦੀ ਕੁੱਟਮਾਰ, ਬਾਬਾ ਟੇਕ ਸਿੰਘ ਵੱਲੋਂ ਨਿਖੇਧੀ
ਓਂਨਟਾਰੀਓ 'ਚ ਸਿੱਖ ਬਜ਼ੁਰਗ ਦੀ ਕੁੱਟਮਾਰ ਦਾ ਮਾਮਲਾ, ਸਿੰਘ ਸਾਹਿਬ ਬਾਬਾ ਟੇਕ ਸਿੰਘ ਵੱਲੋਂ ਨਿਖੇਧੀ
Publish Date: Mon, 27 Apr 2026 06:15 PM (IST)
Updated Date: Tue, 28 Apr 2026 04:10 AM (IST)
-ਕਿਹਾ, ਕੈਨੇਡੀਅਨ ਲੋਕਾਂ ਨੂੰ ਸਿੱਖਾਂ ਦੀ ਵਿਰਾਸਤ ਤੇ ਇਤਿਹਾਸ ਤੋਂ ਕਰਵਾਇਆ ਜਾਵੇ ਜਾਣੂੰ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ
ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕੈਨੇਡਾ ਦੇ ਓਂਟਾਰੀਓ ਵਿਚ ਇਕ ਬਜ਼ੁਰਗ ਸਿੱਖ ਵਿਅਕਤੀ ਵਿਰੁੱਧ ਕੀਤੀ ਗਈ ਨਸਲੀ ਹਿੰਸਾ ਅਤੇ ਅਪਮਾਨਜਨਕ ਟਿੱਪਣੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਦੱਸਿਆ ਹੈ। ਸਿੰਘ ਸਾਹਿਬ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਪੀੜਤ ਪਰਿਵਾਰ ਨੂੰ ਮਾਨਸਿਕ ਪੀੜਾ ਦਿੰਦੀਆਂ ਹਨ, ਸਗੋਂ ਕੈਨੇਡਾ ਵਰਗੇ ਬਹੁ-ਸੱਭਿਆਚਾਰਕ ਦੇਸ਼ ਦੇ ਅਕਸ ਨੂੰ ਵੀ ਢਾਹ ਲਾਉਂਦੀਆਂ ਹਨ। ਸਿੰਘ ਸਾਹਿਬ ਨੇ ਕੈਨੇਡਾ ਦੇ ਇਤਿਹਾਸ ਅਤੇ ਵਰਤਮਾਨ ਵਿਚ ਸਿੱਖਾਂ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਿੱਖ ਕੌਮ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ 'ਵੰਡ ਛਕਣ' ਦੇ ਸਿਧਾਂਤ ਨਾਲ ਕੈਨੇਡਾ ਨੂੰ ਆਪਣਾ ਦੂਜਾ ਘਰ ਬਣਾਇਆ ਹੈ। 19ਵੀਂ ਸਦੀ ਦੇ ਅਖੀਰ ਤੋਂ ਲੈ ਕੇ ਅੱਜ ਤਕ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ, ਜੰਗਲਾਂ ਨੂੰ ਆਬਾਦ ਕਰਨ ਅਤੇ ਖੇਤੀਬਾੜੀ ਤੋਂ ਲੈ ਕੇ ਤਕਨਾਲੋਜੀ ਤਕ ਹਰ ਖੇਤਰ ਵਿਚ ਸਿੱਖਾਂ ਨੇ ਖ਼ੂਨ-ਪਸੀਨਾ ਵਹਾਇਆ ਹੈ। ਅੱਜ ਕੈਨੇਡਾ ਦੀ ਪਾਰਲੀਮੈਂਟ, ਕੈਬਨਿਟ ਅਤੇ ਪ੍ਰਸ਼ਾਸਨਿਕ ਢਾਂਚੇ ਵਿਚ ਸਿੱਖਾਂ ਨੇ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕੋਈ ਨੌਜਵਾਨ ਕਿਸੇ ਬਜ਼ੁਰਗ ਨੂੰ 'ਇਹ ਮੇਰਾ ਦੇਸ਼ ਹੈ' ਕਹਿ ਕੇ ਡਰਾਉਂਦਾ ਹੈ, ਤਾਂ ਉਹ ਕੈਨੇਡਾ ਦੇ ਆਪਣੇ ਸੰਵਿਧਾਨ 'ਵਿਭਿੰਨਤਾ ਵਿਚ ਏਕਤਾ' ਦੀ ਤੌਹੀਨ ਕਰਦਾ ਹੈ। ਨਫ਼ਰਤੀ ਭਾਸ਼ਾ ਅਤੇ ਨਸਲੀ ਹਮਲੇ ਕਿਸੇ ਵੀ ਸੱਭਿਅਕ ਸਮਾਜ ਵਿਚ ਪ੍ਰਵਾਨ ਨਹੀਂ ਕੀਤੇ ਜਾ ਸਕਦੇ। ਸਿੰਘ ਸਾਹਿਬ ਨੇ ਓਂਟਾਰੀਓ ਪੁਲਿਸ ਤੇ ਕੈਨੇਡਾ ਦੇ ਸੂਬਾਈ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਮਹਿਜ਼ ਇਕ ਸਾਧਾਰਨ ਕੁੱਟਮਾਰ ਨਾ ਸਮਝਿਆ ਜਾਵੇ, ਸਗੋਂ ਇਸ ਨੂੰ 'ਹੇਟ ਕ੍ਰਾਈਮ' ਤਹਿਤ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਅਜਿਹੀ ਹਰਕਤ ਨਾ ਕਰੇ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਕੂਲਾਂ ਅਤੇ ਸਮਾਜਿਕ ਸੰਸਥਾਵਾਂ ਵਿਚ ਵੱਖ-ਵੱਖ ਸੱਭਿਆਚਾਰਾਂ ਦੇ ਇਤਿਹਾਸ ਬਾਰੇ ਜਾਗਰੂਕਤਾ ਵਧਾਈ ਜਾਵੇ ਤਾਂ ਜੋ ਨਵੀਂ ਪੀੜ੍ਹੀ ਨਫ਼ਰਤ ਦੀ ਥਾਂ ਸਤਿਕਾਰ ਕਰਨਾ ਸਿੱਖੇ। ਭਾਰਤ ਸਰਕਾਰ ਆਪਣੇ ਦੂਤਾਵਾਸ ਰਾਹੀਂ ਕੈਨੇਡਾ ਸਰਕਾਰ ਨਾਲ ਸੰਪਰਕ ਕਰਕੇ ਉੱਥੇ ਰਹਿ ਰਹੇ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ।