ਖਾਦ-ਬੀਜ ਵਿਕ੍ਰੇਤਾਵਾਂ ਵੱਲੋਂ ਹੜਤਾਲ, ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਸੰਘਰਸ਼
ਖਾਦ-ਬੀਜ ਵਿਕਰੇਤਾਵਾਂ ਨੇ ਕੀਤੀ ਹੜਤਾਲ, ਮੰਗਾਂ ਨਾ ਮੰਨਣ 'ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ
Publish Date: Mon, 27 Apr 2026 04:27 PM (IST)
Updated Date: Tue, 28 Apr 2026 04:04 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਆਲ ਇੰਡੀਆ ਐਗਰੋ ਇਨਪੁਟ ਡੀਲਰ ਐਸੋਸੀਏਸ਼ਨ ਦੇ ਸੱਦੇ 'ਤੇ ਸੋਮਵਾਰ ਨੂੰ ਖਾਦ, ਬੀਜ ਅਤੇ ਪੈਸਟੀਸਾਈਡਜ਼ ਵਿਕਰੇਤਾਵਾਂ ਨੇ ਆਪਣਾ ਕਾਰੋਬਾਰ ਮੁਕੰਮਲ ਤੌਰ 'ਤੇ ਬੰਦ ਰੱਖਿਆ। ਸਾਉਣੀ ਦੇ ਸੀਜ਼ਨ ਦੌਰਾਨ ਰੱਖੀ ਗਈ ਇਸ ਹੜਤਾਲ ਕਾਰਨ ਕਿਸਾਨਾਂ ਨੂੰ ਦਿਨ ਭਰ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਲੈਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਠਿੰਡਾ ਸੀਡਜ਼ ਪੈਸਟੀਸਾਈਡਜ਼ ਫਰਟੀਲਾਈਜ਼ਰ ਐਸੋਸੀਏਸ਼ਨ ਨੇ ਵੀ ਇਸ ਬੰਦ ਦੀ ਹਮਾਇਤ ਕਰਦਿਆਂ ਆਪਣੀਆਂ ਸਾਰੀਆਂ ਦੁਕਾਨਾਂ ਬੰਦ ਰੱਖੀਆਂ। ਜਥੇਬੰਦੀ ਦੇ ਪ੍ਰਧਾਨ ਪਵਨ ਕੁਮਾਰ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਇੰਡੀਆ ਐਗਰੋ ਇਨਪੁਟ ਡੀਲਰ ਐਸੋਸੀਏਸ਼ਨ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਗਈ ਹੈ। ਇਨ੍ਹਾਂ ਮੰਗਾਂ ਨੂੰ ਮਨਵਾਉਣ ਲਈ ਹੀ ਅੱਜ ਦਾ ਇਹ ਬੰਦ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਕਿਸੇ ਵੀ ਖਾਦ-ਬੀਜ ਕਾਰੋਬਾਰੀ ਨੇ ਆਪਣੀ ਦੁਕਾਨ ਨਹੀਂ ਖੋਲੀ ਅਤੇ ਸਾਰਿਆਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਇਸ ਬੰਦ ਨੂੰ ਸਫ਼ਲ ਬਣਾਇਆ ਹੈ। ਇਸ ਮੌਕੇ ਵਪਾਰੀਆਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਪ੍ਰਦਰਸ਼ਨ ਦੌਰਾਨ ਓਮ ਪ੍ਰਕਾਸ਼, ਪ੍ਰਵੀਨ ਸਿੰਗਲਾ, ਪ੍ਰਿੰਸ ਸਿੰਗਲਾ, ਤੇਜਿੰਦਰ ਢਿੱਲੋਂ, ਵਿਕਰਾਂਤ ਅਰੋੜਾ, ਵਾਸੂਦੇਵ, ਵਿਪਿਨ, ਦੀਪ ਸਿੰਘ, ਪਵਨ ਕੁਮਾਰ ਬੰਸਲ, ਅਸ਼ੋਕ ਬੰਸਲ, ਵੀਰੇਂਦਰ ਕੁਮਾਰ, ਸਤਪਾਲ, ਤਨਵੀਰ ਖਾਨ, ਈਸ਼ਾਨ ਬੰਸਲ ਅਤੇ ਜੀਵਨ ਕੁਮਾਰ ਸਮੇਤ ਹੋਰ ਕਈ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।ਜਥੇਬੰਦੀ ਦੇ ਪ੍ਰੈੱਸ ਸਕੱਤਰ ਕੇਕੇ ਮਿੱਤਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਭਵਿੱਖ ਵਿਚ ਜਥੇਬੰਦੀ ਦੇ ਸੱਦੇ 'ਤੇ ਕਾਰੋਬਾਰ ਅਣਮਿੱਥੇ ਸਮੇਂ ਲਈ ਵੀ ਬੰਦ ਰੱਖਿਆ ਜਾ ਸਕਦਾ ਹੈ ਅਤੇ ਲੋੜ ਪੈਣ 'ਤੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਹੜਤਾਲ ਲੰਬੇ ਸਮੇਂ ਤਕ ਜਾਰੀ ਰੱਖੀ ਜਾਵੇਗੀ।