ਬਿਜਲੀ ਕੱਟਾਂ ਸਬੰਧੀ ਐਕਸੀਅਨ ਤੇ ਕਿਸਾਨ ਯੂਨੀਅਨ ਵਿਚਾਲੇ ਮੀਟਿੰਗ
ਬਿਜਲੀ ਕੱਟਾਂ ਸਬੰਧੀ ਐਕਸੀਅਨ ਤੇ ਕਿਸਾਨ ਯੂਨੀਅਨ ਮਾਲਵਾ ਦੀ ਹੋਈ ਅਹਿਮ ਮੀਟਿੰਗ
Publish Date: Mon, 27 Apr 2026 04:25 PM (IST)
Updated Date: Tue, 28 Apr 2026 04:04 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਲੰਬੇ ਸਮੇਂ ਤੋਂ ਬਿਜਲੀ ਦੇ ਕੱਟਾਂ ਨਾਲ ਜੂਝ ਰਹੇ ਨਗਰ ਕੋਟਸ਼ਮੀਰ ਦੇ ਵਸਨੀਕਾਂ ਵੱਲੋਂ ਕਿਸਾਨ ਯੂਨੀਅਨ ਮਾਲਵਾ ਦੀ ਅਗਵਾਈ ਹੇਠ ਚਲਾਏ ਜਾ ਰਹੇ ਸੰਘਰਸ਼ ਨੂੰ ਉਸ ਵੇਲੇ ਮਜ਼ਬੂਤੀ ਮਿਲੀ ਜਦੋਂ ਬਿਜਲੀ ਨਿਗਮ ਦੇ ਐਕਸੀਅਨ ਮੌੜ ਡਿਵੀਜ਼ਨ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਪਹਿਲਾਂ 18 ਅਪ੍ਰੈਲ ਨੂੰ ਦਿੱਤੇ ਸੱਦੇ ਅਨੁਸਾਰ ਅੱਜ ਕੋਟਸ਼ਮੀਰ ਵਿਖੇ ਰੱਖੀ ਗਈ। ਮੀਟਿੰਗ ਦੌਰਾਨ ਐਕਸੀਅਨ ਮੌੜ ਡਿਵੀਜ਼ਨ ਕੁਲਵਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਪਿੰਡ ਕੋਟਸ਼ਮੀਰ ਨੂੰ ਏ ਕੈਟੇਗਰੀ ’ਚ ਸ਼ਾਮਲ ਕਰਨ ਲਈ ਫਾਈਲ ਤਿਆਰ ਕੀਤੀ ਗਈ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਉਹ ਮਨਜ਼ੂਰ ਨਹੀਂ ਹੋ ਸਕੀ। ਹੁਣ ਇਸ ਮਾਮਲੇ ਨੂੰ ਦੁਬਾਰਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਤਾਂ ਜੋ ਬਕਾਇਆ ਮਸਲੇ ਦਾ ਜਲਦ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਕੋਟਸ਼ਮੀਰ ਇਕ ਵੱਡੀ ਅਬਾਦੀ ਵਾਲਾ ਖੇਤਰ ਹੈ, ਜੋ ਸ਼ਹਿਰੀ ਪ੍ਰਭਾਵ ਹੇਠ ਆਉਂਦਾ ਹੈ ਤੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਇੱਥੋਂ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਸ ਮਸਲੇ ਨੂੰ ਤਰਜੀਹ ਦੇ ਆਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਲਗਭਗ ਇਕ ਮਹੀਨੇ ਦੇ ਅੰਦਰ ਕਾਗਜ਼ੀ ਕਾਰਵਾਈ ਪੂਰੀ ਕਰਕੇ ਕੋਟਸ਼ਮੀਰ ਨੂੰ ਕੈਟੇਗਰੀ ਵਨ ਵਿਚ ਸ਼ਾਮਲ ਕਰਨ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਐਸਡੀਓ ਸੁਖਪ੍ਰੀਤ ਸਿੰਘ ਸਮੇਤ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਜੱਗਾ ਕੋਟਸ਼ਮੀਰ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੰਦਕਾ, ਗਗਨਦੀਪ ਸਿੰਘ ਅਤੇ ਹਰਭਜਨ ਸਿੰਘ ਸਾਬਕਾ ਪੰਚ ਵੀ ਮੌਜੂਦ ਸਨ।