ਸਪੋਰਟ ਕਿੰਗ ਫੈਕਟਰੀ ਦੇ ਬਾਹਰ ਮਜ਼ਦੂਰਾਂ ਨੇ ਲਾਇਆ ਧਰਨਾ
ਸਪੋਰਟ ਕਿੰਗ ਫੈਕਟਰੀ ਬਾਹਰ ਮਜ਼ਦੂਰਾਂ ਦਾ ਧਰਨਾ ਜਾਰੀ, ਵਿਧਾਇਕ ਖਿਲਾਫ ਕੀਤੀ ਨਾਅਰੇਬਾਜ਼ੀ
Publish Date: Sun, 26 Apr 2026 09:11 PM (IST)
Updated Date: Mon, 27 Apr 2026 04:19 AM (IST)

ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ, ਗੋਨਿਆਣਾ : ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸਪੋਰਟ ਕਿੰਗ ਦੇ ਬਾਹਰ ਮਜ਼ਦੂਰਾਂ ਵੱਲੋਂ ਲਗਾਏ ਗਏ ਧਰਨੇ ਵਿਚ ਸ਼ਮੂਲੀਅਤ ਕਰਨ ਦੀ ਬਜਾਏ ਸਿੱਧਾ ਫੈਕਟਰੀ ਅੰਦਰ ਜਾਣ ਲੱਗੇ ਤਾਂ ਉੱਥੇ ਮਜ਼ਦੂਰਾਂ ਵੱਲੋਂ ਵਿਧਾਇਕ ਖਿਲਾਫ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਸਾਡੇ ਨਾਲ ਗੱਲਬਾਤ ਕੀਤੇ ਬਿਨਾਂ ਹੀ ਸਿੱਧਾ ਹੀ ਫੈਕਟਰੀ ਵਿਚ ਦਾਖਲ ਹੋ ਗਏ। ਇਸ ਗੱਲ ਤੋਂ ਭੜਕੇ ਮਜ਼ਦੂਰਾਂ ਨੇ ਹਲਕਾ ਭੁੱਚੋ ਦੇ ਵਿਧਾਇਕ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਹੋਰ ਕਈ ਤਰ੍ਹਾਂ ਦੇ ਪੈਸੇ ਲੈਣ ਦੇ ਦੋਸ਼ ਲਗਾਏ। ਵਿਧਾਇਕ ਨੇ ਟਰੱਕ ਯੂਨੀਅਨ ਵਿਚ ਵੀ ਵੱਡੀ ਰਿਸ਼ਵਤ ਲੈ ਕੇ ਡਰਾਈਵਰਾਂ ਨਾਲ ਅਤੇ ਟਰਾਂਸਪੋਰਟਰਾਂ ਨਾਲ ਧੋਖਾ ਕੀਤਾ ਹੈ। ਹਲਕਾ ਵਿਧਾਇਕ ਫੈਕਟਰੀ ਅੰਦਰ ਤਾਂ ਦਾਖਲ ਹੋ ਗਏ ਪ੍ਰੰਤੂ ਉਨ੍ਹਾਂ ਨੂੰ ਚੱਲ ਰਹੀ ਮੀਟਿੰਗ ਵਿਚ ਦਾਖਲ ਨਹੀਂ ਹੋਣ ਦਿੱਤਾ। ਇਸ ਉਪਰੰਤ ਵਿਧਾਇਕ ਨੇ ਦੋ ਮਿੰਟਾਂ ਬਾਅਦ ਵਾਪਸੀ ਲਈ ਹੋਰ ਰਸਤਾ ਅਪਣਾਉਂਦਿਆਂ ਹੋਇਆਂ ਉਥੋਂ ਜਾਣ ਲੱਗੇ ਤਾਂ ਉੱਥੇ ਮੌਜੂਦ ਮਜ਼ਦੂਰਾਂ ਨੇ ਵਿਧਾਇਕ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਮੈਂ ਤਾਂ ਮਜ਼ਦੂਰਾਂ ਦੀ ਹਮਾਇਤ ਵਿਚ ਆਇਆ ਸੀ ਪਰ ਇਨ੍ਹਾਂ ਨੇ ਮੇਰੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਕਰਕੇ ਮੈਂ ਇਥੋਂ ਜਾਣਾ ਹੀ ਚੰਗਾ ਸਮਝਿਆ। ਇਸ ਮੌਕੇ ਪੁਲਿਸ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਗੱਡੀ ਵਿਚ ਬਿਠਾ ਕੇ ਉਥੋਂ ਕੱਢਿਆ। ਮਜ਼ਦੂਰਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਮੈਨੇਜਮੈਂਟ ਨਾਲ ਮੰਗਾਂ ਸਬੰਧੀ ਗੱਲਬਾਤ ਕੀਤੀ। ਖਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ। ਇਸ ਧਰਨੇ ਵਿਚ ਮਜ਼ਦੂਰਾਂ ਦੀ ਹਮਾਇਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਆਗੂ ਸ਼ਿੰਗਾਰਾ ਸਿੰਘ ਮਾਨ,ਨੌਜਵਾਨ ਭਾਰਤ ਸਭਾ ਮੰਗਾ ਸਿੰਘ, ਮਜ਼ਦੂਰ ਯੂਨੀਅਨ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਨੇ ਮਜਦੂਰਾਂ ਨੂੰ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾਂ ਸਮਾਂ ਸੰਘਰਸ਼ ਜਾਰੀ ਰਹੇਗਾ ਤੇ ਜੇਕਰ ਇਨ੍ਹਾਂ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਵੀ ਕੀਤਾ ਜਾ ਸਕਦਾ ਹੈ। ਜਿਸ ਦੀ ਸਾਰੀ ਜਿੰਮੇਵਾਰੀ ਫੈਕਟਰੀ ਦੇ ਪ੍ਰਬੰਧਕਾਂ ਦੀ ਹੋਵੇਗੀ।