ਭਾਜਪਾ ਤੇ ‘ਆਪ’ ਦੇ 7 ਰਾਜ ਸਭਾ ਮੈਂਬਰਾਂ ਖਿਲਾਫ਼ ਮੁਜ਼ਾਹਰਾ
ਭਾਜਪਾ ਅਤੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ
Publish Date: Sun, 26 Apr 2026 08:06 PM (IST)
Updated Date: Mon, 27 Apr 2026 04:19 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ’ਚ ਵੱਡੀ ਗਿਣਤੀ ਵਿਚ ਲੋਕਾਂ, ਵਰਕਰਾਂ ਅਤੇ ਸਮਾਜਿਕ ਸੰਗਠਨਾਂ ਵੱਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਮ ਆਦਮੀ ਪਾਰਟੀ ਦੇ ਉਨ੍ਹਾਂ 7 ਰਾਜ ਸਭਾ ਮੈਂਬਰਾਂ ਦੇ ਖਿਲਾਫ਼ ਤਿੱਖਾ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਨੇ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਇਹ ਦਲ ਬਦਲ ਨਿੱਜੀ ਰਾਜਨੀਤਿਕ ਲਾਭ ਲਈ ਕੀਤਾ ਗਿਆ ਹੈ ਤੇ ਇਹ ਲੋਕਤੰਤਰਕ ਮੂਲਿਆਂ ਦੇ ਖਿਲਾਫ਼ ਹੈ। ਵੋਟਰਾਂ ਨੇ ਇਨ੍ਹਾਂ ਆਗੂਆਂ ਨੂੰ ‘ਆਪ’ ਦੇ ਨਾਂ ’ਤੇ ਚੁਣਿਆ ਸੀ, ਪਰ ਹੁਣ ਉਹ ਲੋਕਾਂ ਦੇ ਭਰੋਸੇ ਤੋਂ ਮੁੱਕਰ ਗਏ ਹਨ। ਭਾਜਪਾ ’ਤੇ ਵੀ ਤਿੱਖੀ ਆਲੋਚਨਾ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਾਰਟੀ ਵਿਰੋਧੀ ਧਿਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੇ ਨਾਲ ਜੋੜ ਕੇ ਆਪਣੀ ਰਾਜਨੀਤਿਕ ਪਹੁੰਚ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਲੋਕਤੰਤਰ ਲਈ ਚਿੰਤਾਜਨਕ ਰੁਝਾਨ ਹੈ। ਉਨ੍ਹਾਂ ਮੰਗ ਕੀਤੀ ਕਿ ਦਲ ਬਦਲ ਕਰਨ ਵਾਲੇ ਮੈਂਬਰ ਤੁਰੰਤ ਆਪਣੀ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇਣ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ, ਨਵਦੀਪ ਸਿੰਘ ਜੀਦਾ (ਚੇਅਰਮੈਨ ਸ਼ੂਗਰਫੈੱਡ ਪੰਜਾਬ), ਰਾਕੇਸ਼ ਪੁਰੀ (ਚੇਅਰਮੈਨ ਜੰਗਲਾਤ ਵਿਭਾਗ ਪੰਜਾਬ), ਹਰਦੀਪ ਸਿੰਘ (ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ), ਰਾਜਨ ਅਮਰਦੀਪ (ਚੇਅਰਮੈਨ ਕੋਆਪਰੇਟਿਵ ਬੈਂਕ ਬਠਿੰਡਾ), ਬਲਜੀਤ ਬੱਲੀ (ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ), ਵਕੀਲ ਗੁਰਪ੍ਰੀਤ ਸਿੰਘ ਸਿੱਧੂ (ਜ਼ੋਨ ਇੰਚਾਰਜ ਲੀਗਲ ਸੈੱਲ) ਅਤੇ ਰਮਨਜੀਤ ਸਿੰਘ (ਜ਼ਿਲ੍ਹਾ ਪ੍ਰਧਾਨ ਯੂਥ ਵਿੰਗ) ਸਮੇਤ ਹੋਰ ਕਈ ਆਗੂਆਂ ਨੇ ਹਾਜ਼ਰੀ ਭਰੀ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਤਰ੍ਹਾਂ ਦੀ ਰਾਜਨੀਤੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ’ਚ ਵੱਡੇ ਪੱਧਰ ’ਤੇ ਲੋਕ ਸੜਕਾਂ ’ਤੇ ਉਤਰ ਕੇ ਇਸਦਾ ਕਰਾਰਾ ਜਵਾਬ ਦੇਣਗੇ।