ਚੱਢਾ ਤੇ ਉਸਦੇ ਸਾਥੀਆਂ ਨੇ ਪੰਜਾਬ ਨਾਲ ਕੀਤਾ ਧੋਖਾ : ਵਿਧਾਇਕ ਸਿੱਧੂ
ਭਾਜਪਾ ‘ਚ ਸ਼ਾਮਲ
Publish Date: Sun, 26 Apr 2026 07:59 PM (IST)
Updated Date: Mon, 27 Apr 2026 04:17 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਥਾਨਕ ਸ਼ਹਿਰ ਦੇ ਮੁੱਖ ਚੌਂਕ ਵਿਚ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਉਨ੍ਹਾਂ ਦੇ ਨਾਲ 6 ਹੋਰ ਰਾਜ ਸਭਾ ਮੈਂਬਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦੇ ਫ਼ੈਸਲੇ ਖ਼ਿਲਾਫ਼ ਆਮ ਆਦਮੀ ਪਾਰਟੀ ਵਰਕਰਾਂ ਨੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਸ਼ਹਿਰ ਦੇ ਮੁੱਖ ਚੌਕ ਵਿਚ ਪ੍ਰਦਰਸ਼ਨ ਕਰਕੇ ਰਾਘਵ ਚੱਢਾ ਦਾ ਪੁਤਲਾ ਫੂਕਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਤਿੱਖੀ ਨਾਅਰੇਬਾਜ਼ੀ ਕੀਤੀ ਗਈ। “ਰਾਘਵ ਚੱਢਾ ਪੰਜਾਬ ਦਾ ਗੱਦਾਰ” ਦੇ ਨਾਅਰੇ ਲਗਾ ਕੇ ਉਨ੍ਹਾਂ ਦੇ ਇਸ ਕਦਮ ਦੀ ਨਿਖੇਧੀ ਕੀਤੀ। ਪ੍ਰਦਰਸ਼ਨ ਵਿੱਚ ਸ਼ਾਮਿਲ ਪਾਰਟੀ ਵਰਕਰਾਂ ਨੇ ਕਿਹਾ ਕਿ ਜਿਨ੍ਹਾਂ ਨੇ ਲੋਕਾਂ ਦੇ ਭਰੋਸੇ ‘ਤੇ ਚੁਣ ਕੇ ਸੱਤਾ ਤੱਕ ਪਹੁੰਚ ਕੀਤੀ, ਉਨ੍ਹਾਂ ਵੱਲੋਂ ਪਾਰਟੀ ਛੱਡਣਾ ਅਤੇ ਵਿਰੋਧੀ ਧਿਰ ਵਿਚ ਜਾਣਾ ਲੋਕਾਂ ਨਾਲ ਧੋਖਾ ਹੈ।
ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਇਹ ਕਦਮ ਨਾ ਸਿਰਫ਼ ਆਮ ਆਦਮੀ ਪਾਰਟੀ ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ, ਸਗੋਂ ਪੰਜਾਬ ਦੇ ਲੋਕਾਂ ਦੇ ਫਤਵੇ ਦੀ ਵੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਨੇਤਾਵਾਂ ਨੂੰ ਮੂੰਹਤੋੜ ਜਵਾਬ ਮਿਲੇਗਾ। ਉਨ੍ਹਾਂ ਰਾਘਵ ਚੱਢਾ ਨੂੰ ਲਾਹਨਤਾਂ ਪਾਈਆਂ। ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਚੇਅਰਮੇਨ ਬੇਅੰਤ ਸਿੰਘ ਧਾਲੀਵਾਲ, ਸੁਰੇਸ਼ ਕੁਮਾਰ ਕਾਲਾ ਸੇਤੀਆ, ਗੁਰਮੁਖ ਸਿੰਘ ਕੋਇਰ ਸਿੰਘ ਵਾਲਾ, ਰਾਜਾ ਸਿੰਘ ਸਿੱਧੂ, ਰਾਕੇਸ ਅਰੋੜਾ, ਤਰਸੇਮ ਸਿੰਘ ਸੇਮਾ, ਹਰਭਜਨ ਸਿੰਘ ਢਿੱਲੋ, ਬਿੰਦਰ ਸਿੰਘ ਖਾਨਦਾਨ ਆਦਿ ਹਾਜਰ ਸਨ।