ਬਿਜਲੀ ਦੇ ਲੱਗਦੇ ਲੰਮੇ ਕੱਟਾਂ ਤੋਂ ਦੁੱਖੀ ਲੋਕਾਂ ਨੇ ਗੱਰਿਡ ਘੇਰ

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਇਕ ਪਾਸੇ ਸੂਬਾ ਸਰਕਾਰ ਵੱਲੋਂ ਬਿਜਲੀ ਸਰਪਲਸ ਹੋਣ ਦੇ ਵੱਡੇ ਵੱਡੇ ਦਮਗਜੇ ਮਾਰਕੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਦਾਅਵੇ ਕੀਤੇ ਜਾ ਰਹੇ ਹਨ।ਪਰ ਦੂਜੇ ਪਾਸੇ ਪਿੰਡਾਂ ਅਤੇ ਸ਼ਹਿਰਾਂ ’ਚ ਬਿਜਲੀ ਦੇ ਘੰਟਿਆਂਬੱਧੀ ਲੱਗਦੇ ਲੰਮੇ ਲੰਮੇ ਕੱਟਾਂ ਕਾਰਨ ਲੋਕਾਂ ’ਚ ਹਾਹਾਕਾਰ ਮੱਚੀ ਹੋਈ ਹੈ। ਬੀਤੀ ਰਾਤ ਪਿੰਡ ਕੋਟਗੁਰੂ ਵਾਸੀਆਂ ਵੱਲੋਂ ਬਿਜਲੀ ਦੇ ਲੱਗਦੇ ਲੰਮੇ ਲੰਮੇ ਕੱਟਾ ਤੋਂ ਦੁਖੀ ਹੋ ਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਗਰਿੱਡ ਘੇਰ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪਿੰਡ ਕੋਟਗੁਰੂ ਦੇ ਪੰਚ ਸੰਦੀਪ ਸਿੰਘ ਸਿੱਧੂ, ਨੌਜਵਾਨ ਆਗੂ ਗੁਰਪ੍ਰੀਤ ਸਿੰਘ, ਕਾਲਾ ਸਿੱਧੂ, ਗੁਰਚੇਤ ਸਿੰਘ, ਬੂਟਾ ਸਿੰਘ ਬਰਾੜ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ ਰੰਧਾਵਾ, ਅਮ੍ਰਿਤਪਾਲ ਸਿੰਘ, ਜਸਮੇਲ ਸਿੰਘ ਕਾਕਾ, ਲੱਖਾ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਬਿਜ਼ਲੀ ਸਰਪਲਸ ਹੋਣ ਦੇ ਵੱਡੇ ਵੱਡੇ ਦਮਗਜੇ ਮਾਰਕੇ ਸ਼ਹਿਰਾਂ ਤੇ ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੀ ਜ਼ਮੀਨੀ ਪੱਧਰ ’ਤੇ ਹਕੀਕਤ ਕੁੱਝ ਹੋਰ ਹੈ। ਬੇਸ਼ੱਕ ਗਰਮੀ ਦੀ ਅਜੇ ਸ਼ੁਰੂਆਤ ਹੋਈ ਹੈ ਪਰ ਹੁਣੇ ਤੋਂ ਹੀ ਪਿੰਡਾਂ ਤੇ ਸ਼ਹਿਰਾਂ ਚ ਬਿਜਲੀ ਦੇ ਘੰਟਿਆਂ ਵਧੀ ਕੱਟ ਲੱਗਣੇ ਸਰਕਾਰ ਦੇ ਬਿਆਨਾਂ ਨਾਲ ਮੇਲ ਨਹੀਂ ਖਾਂਦੇ। ਜੋਂ ਪੰਜਾਬ ਸਰਕਾਰ ਦੀ ਕਹਿਣੀ ਅਤੇ ਕਰਨੀ ਨੂੰ ਸਪੱਸ਼ਟ ਕਰ ਰਹੇ ਹਨ। ਬਿਜਲੀ ਸਪਲਾਈ ਨਾ ਮਿਲਣ ਕਰਕੇ ਗਰਮੀ ਦੇ ਕਹਿਰ ’ਚ ਛੋਟੇ ਬੱਚਿਆਂ ਅਤੇ ਬਿਮਾਰੀ ਨਾਲ ਮੰਜਿਆਂ ’ਤੇ ਪਏ ਮਰੀਜ਼ਾਂ ਦਾ ਬੁਰਾ ਹਾਲ ਹੈ, ਉਥੇ ਸ਼ਾਮ ਨੂੰ ਖੇਤਾਂ ਚੋ ਕੰਮ ਕਰਕੇ ਘਰ ਆਉਣ ਵਾਲੇ ਕਿਸਾਨ ਅਤੇ ਮਜ਼ਦੂਰ ਵੀ ਇਨ੍ਹਾਂ ਕੱਟਾ ਤੋਂ ਡਾਢੇ ਪ੍ਰੇਸ਼ਾਨ ਹਨ। ਪਿੰਡ ਬਾਂਡੀ ਦੇ ਅਕਾਲੀ ਆਗੂ ਜਥੇਦਾਰ ਰਛਪਾਲ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਹਰ ਰੋਜ਼ 8 ਤੋਂ 10 ਘੰਟੇ ਦੇ ਲੰਮੇ ਕੱਟ ਲਗਾਏ ਜਾ ਰਹੇ ਹਨ। ਲਾਈਟ ਨਾ ਆਉਣ ਕਰਕੇ ਗਰਮੀ ਅਤੇ ਮੱਛਰਾਂ ਕਾਰਨ ਬੱਚਿਆਂ ਤੇ ਬਜ਼ੁਰਗਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਜ਼ਿਆਦਾ ਲੰਮੇ ਕੱਟਾ ਕਾਰਨ ਉਨ੍ਹਾਂ ਦੇ ਘਰਾਂ ’ਚ ਲੱਗੇ ਇਨਵਰਟਰ ਵੀ ਬੰਦ ਹੋ ਜਾਂਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਘਰਾਂ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਲਈ ਸੁਧਾਰ ਕੀਤਾ ਜਾਵੇ।ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਦੀ ਇਹ ਮੰਗ ਜਲਦੀ ਪੂਰੀ ਨਾ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਜਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ। ਗਰਿੱਡ ’ਤੇ ਮੌਜੂਦ ਪਾਵਰਕਾਮ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਪਰੋਂ ਆਏ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਉਨ੍ਹਾਂ ਦੇ ਹੱਥ ਵੱਸ ਕੁਝ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸ਼ਾਂਤ ਕਰਨ ਲਈ ਵਿਸ਼ਵਾਸ ਦਵਾਇਆ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲ ਕਰਵਾ ਕੇ ਇਸ ਸਮੱਸਿਆ ਦਾ ਕੋਈ ਹੱਲ ਕੱਢਣਗੇ।