ਲੱਗਦੇ ਲੰਬੇ ਕੱਟਾਂ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਘੇਰਿਆ ਗਰਿੱਡ
ਜ਼ਿਲ੍ਹੇ ਵਿਚ ਬਿਜਲੀ ਸੰਕਟ ਨੇ ਮਚਾਇਆ ਹਾਹਾਕਾਰ
Publish Date: Sun, 26 Apr 2026 07:20 PM (IST)
Updated Date: Mon, 27 Apr 2026 04:17 AM (IST)

-ਜ਼ਿਲ੍ਹਾ ਬਠਿੰਡਾ ’ਚ ਬਿਜਲੀ ਸੰਕਟ ਨੇ ਮਚਾਇਆ ਹਾਹਾਕਾਰ, ਕੀਤੀ ਨਾਅਰੇਬਾਜ਼ੀ ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਅੱਤ ਦੀ ਗਰਮੀ ਦਾ ਕਹਿਰ ਵਧਣ ਨਾਲ ਹੀ ਜ਼ਿਲ੍ਹੇ ਦੇ ਵੱਡੇ ਹਿੱਸੇ ਵਿਚ ਬਿਜਲੀ ਦਾ ਸੰਕਟ ਵੱਧ ਗਿਆ ਹੈ। ਸਰਕਾਰ ਵੱਲੋਂ 24 ਘੰਟੇ ਬਿਜਲੀ ਦੇਣ ਦੇ ਕੀਤੇ ਜਾ ਰਹੇ ਦਾਅਵੇ ਹੁਣ ਹਵਾ ਹੁੰਦੇ ਨਜ਼ਰ ਆ ਰਹੇ ਹਨ, ਕਿਉਂਕਿ ਪਿੰਡਾਂ ਤੇ ਸ਼ਹਿਰਾਂ ਵਿਚ ਲੱਗ ਰਹੇ ਲੰਬੇ ਅਤੇ ਅਣਐਲਾਨੇ ਕੱਟਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਗੁੱਸੇ ਵਿਚ ਆਏ ਲੋਕ ਹੁਣ ਸੜਕਾਂ ਤੇ ਉਤਰ ਕੇ ਬਿਜਲੀ ਗਰਿੱਡਾਂ ਦਾ ਘਿਰਾਓ ਕਰਨ ਲਈ ਮਜਬੂਰ ਹਨ। ਤਾਜ਼ਾ ਵਾਪਰੀਆਂ ਘਟਨਾਵਾਂ ਦੇ ਸਿਲਸਿਲੇ ਮੁਤਾਬਕ ਪਿੰਡ ਤੁੰਗਵਾਲੀ ਵਿਚ ਸਥਿਤੀ ਉਸ ਵੇਲੇ ਕਾਫ਼ੀ ਤਣਾਅਪੂਰਨ ਹੋ ਗਈ ਜਦੋਂ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਬਿਜਲੀ ਗਰਿੱਡ ਤੇ ਇਕੱਠੇ ਹੋ ਕੇ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਸ਼ਾਮ 6 ਵਜੇ ਤੋਂ ਲੈ ਕੇ ਅੱਧੀ ਰਾਤ ਤਕ ਬੱਤੀ ਗੁਲ ਰਹਿੰਦੀ ਹੈ, ਜਿਸ ਕਾਰਨ ਘਰਾਂ ਵਿਚ ਘੁੱਪ ਹਨੇਰਾ ਹੋ ਜਾਂਦਾ ਹੈ ਅਤੇ ਭਾਰੀ ਗਰਮੀ ਵਿਚ ਬੱਚਿਆਂ ਤੇ ਬਜ਼ੁਰਗਾਂ ਦਾ ਬੁਰਾ ਹਾਲ ਹੈ। ਲੋਕਾਂ ਨੇ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੋਮਵਾਰ ਤੱਕ ਹਾਲਾਤ ਨਾ ਸੁਧਰੇ ਤਾਂ ਉਹ ਤਿੱਖਾ ਅੰਦੋਲਨ ਸ਼ੁਰੂ ਕਰਨਗੇ। ਇਸੇ ਤਰ੍ਹਾਂ ਪਿੰਡ ਕੋਟਸ਼ਮੀਰ, ਬੀੜ ਤਾਲਾਬ ਅਤੇ ਬਾਬਾ ਜੀਵਨ ਸਿੰਘ ਨਗਰ ਦੇ ਲੋਕਾਂ ਦਾ ਗੁੱਸਾ ਵੀ ਸੱਤਵੇਂ ਅਸਮਾਨ ਤੇ ਪਹੁੰਚ ਗਿਆ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਨੇ ਅੱਧੀ ਰਾਤ ਨੂੰ ਮੁਲਤਾਨੀਆ ਰੋਡ ਸਥਿਤ ਗਰਿੱਡ ਦੇ ਅੱਗੇ ਧਰਨਾ ਦਿੱਤਾ। ਲੋਕਾਂ ਦਾ ਦੋਸ਼ ਹੈ ਕਿ ਦਿਨ ਵੇਲੇ ਵੀ ਬਿਜਲੀ ਦੇ ਕੱਟ ਲੱਗ ਰਹੇ ਹਨ ਅਤੇ ਰਾਤ ਨੂੰ ਵੀ ਇਹੀ ਹਾਲ ਹੈ, ਜਿਸ ਕਾਰਨ ਘਰਾਂ ਵਿਚ ਲੱਗੇ ਇਨਵਰਟਰ ਵੀ ਜਵਾਬ ਦੇ ਗਏ ਹਨ। ਗਰਮੀ ਤੇ ਮੱਛਰਾਂ ਕਾਰਨ ਲੋਕਾਂ ਨੂੰ ਪੂਰੀ-ਪੂਰੀ ਰਾਤ ਜਾਗ ਕੇ ਕੱਟਣੀ ਪੈ ਰਹੀ ਹੈ। ਬਿਜਲੀ ਸੰਕਟ ਕਾਰਨ ਕਈ ਥਾਵਾਂ ਤੇ ਹਿੰਸਕ ਟਕਰਾਅ ਵੀ ਦੇਖਣ ਨੂੰ ਮਿਲਿਆ ਹੈ। ਪਿੰਡ ਸੁਖਨੰਦਾ ਵਿਚ ਬਿਜਲੀ ਦੀ ਕਿੱਲਤ ਤੋਂ ਭੜਕੇ ਲੋਕਾਂ ਨੇ ਇਕ ਬਿਜਲੀ ਮੁਲਾਜ਼ਮ ਦੀ ਕੁੱਟਮਾਰ ਕਰ ਦਿੱਤੀ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕੋਟਲੀ ਸਥਿਤ ਗਰਿੱਡ ਵਿਚ ਵੀ ਭੰਨਤੋੜ ਹੋਣ ਦੀ ਖ਼ਬਰ ਹੈ। ਦੂਜੇ ਪਾਸੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਤੋਂ ਟੱਪ ਜਾਣ ਕਾਰਨ ਸਪਲਾਈ ਵਿਚ ਭਾਰੀ ਦਿੱਕਤ ਆ ਰਹੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸੰਜਮ ਬਣਾਏ ਰੱਖਣ ਦੀ ਅਪੀਲ ਕੀਤੀ ਹੈ, ਪਰ ਲੋਕ ਹੁਣ ਸਿਰਫ਼ ਭਰੋਸੇ ਦੀ ਥਾਂ ਪੱਕਾ ਹੱਲ ਭਾਲ ਰਹੇ ਹਨ।