ਮਲੇਰੀਆ ਦਿਵਸ ’ਤੇ ਬੱਚਿਆਂ ਨੂੰ ਕੀਤਾ ਜਾਗਰੂਕ
ਸ੍ਰੀ ਗੁਰੂ ਅਰਜਨ ਦੇਵ ਸਕੂਲ ‘ਚ ਵਿਸਵ ਮਲੇਰੀਆ ਦਿਵਸ ਮਨਾਇਆ
Publish Date: Sun, 26 Apr 2026 06:49 PM (IST)
Updated Date: Mon, 27 Apr 2026 04:16 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਵਿਸਵ ਮਲੇਰੀਆ ਦਿਵਸ ਦੇ ਮੌਕੇ ‘ਤੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਲਿਆਵਾਲੀ ਵਿਖੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਸਮਾਗਮ ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ ਅਤੇ ਡਾ. ਸੈਲੀ ਅਰੋੜਾ ਦੀ ਅਗਵਾਈ ਵਿਚ ਬਲਾਕ ਐਕਸਟੈਂਸ਼ਨ ਐਜੂਕੇਟਰ ਜਗਤਾਰ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਡਾ. ਕਮਲਜੀਤ ਸਿੰਘ (ਸੀਐਚਓ) ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹਰ ਸਾਲ 25 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਇਸ ਦਿਵਸ ਦਾ ਮੁੱਖ ਉਦੇਸ਼ ਮਲੇਰੀਆ ਦੇ ਖਾਤਮੇ, ਇਲਾਜ ਅਤੇ ਇਸ ਸਬੰਧੀ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦਾ ਥੀਮ “ਮਲੇਰੀਏ ਨੂੰ ਖਤਮ ਕਰਨ ਲਈ ਵਚਨਬੱਧ’’-ਹੁਣ ਅਸੀਂ ਕਰ ਸਕਦੇ ਹਾਂ, ਹੁਣ ਸਾਨੂੰ ਕਰਨਾ ਹੀ ਪਵੇਗਾ” ਰੱਖਿਆ ਗਿਆ ਹੈ, ਜੋ ਸਾਂਝੀ ਜ਼ਿੰਮੇਵਾਰੀ ਅਤੇ ਆਧੁਨਿਕ ਚਿਕਿਤਸਾ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਸਿਹਤ ਸੁਪਰਵਾਈਜ਼ਰ ਪਵਨ ਕੁਮਾਰ ਅਤੇ ਸਾਧੂ ਰਾਮ ਨੇ ਮਲੇਰੀਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਕ ਸੰਕਰਮਕ ਬਿਮਾਰੀ ਹੈ ਜੋ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਸ ਦੇ ਲੱਛਣਾਂ ਵਿਚ ਤੇਜ਼ ਬੁਖਾਰ, ਕੰਬਣੀ, ਪਸੀਨਾ, ਸਿਰ ਦਰਦ ਅਤੇ ਉਲਟੀਆਂ ਸ਼ਾਮਲ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿਚ ਤੁਰੰਤ ਨੇੜਲੇ ਸਿਹਤ ਕੇਂਦਰ ‘ਚ ਮੁਫ਼ਤ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਦੇਰ ਨਾਲ ਇਲਾਜ ਜਾਨਲੇਵਾ ਸਾਬਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਨੈਸ਼ਨਲ ਵੈਕਟਰ ਬੋਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਮਲੇਰੀਆ ਦੇ ਖਾਤਮੇ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਦਕਿ ਵਿਸਵ ਸਿਹਤ ਸੰਸਥਾ ਨੇ 2030 ਤਕ ਮਲੇਰੀਆ ਖਤਮ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਹੈ। ਸਮਾਗਮ ਦੌਰਾਨ ਅਵਤਾਰ ਸਿੰਘ (ਸੀਨੀਅਰ ਸਿਹਤ ਕਰਮਚਾਰੀ) ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਰਿਹਾ। ਅੰਤ ਵਿਚ ਸਕੂਲ ਪ੍ਰਿੰਸੀਪਲ ਚਰਨਜੀਤ ਸ਼ਰਮਾ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮਾਂ ਦੀ ਪ੍ਰਸ਼ੰਸਾ ਕੀਤੀ।