ਚੇਅਰਮੈਨ ਬੰਗੀ ਨੇ ਟੀਮ ਸਮੇਤ ਬਲਤੇਜ ਪੰਨੂ ਨਾਲ ਕੀਤੀ ਮੁਲਾਕਾਤ
ਮਾਰਕੀਟ ਕਮੇਟੀ ਚੇਅਰਮੈਨ ਟੇਕ ਸਿੰਘ ਬੰਗੀ ਨੇ ਟੀਮ ਸਮੇਤ ਬਲਤੇਜ ਸਿੰਘ ਪੰਨੂ ਨਾਲ ਮੁਲਾਕਾਤ ਕੀਤੀ
Publish Date: Sun, 26 Apr 2026 06:07 PM (IST)
Updated Date: Mon, 27 Apr 2026 04:11 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਮਾਰਕੀਟ ਕਮੇਟੀ ਤਲਵੰਡੀ ਸਾਬੋ ਦੇ ਚੇਅਰਮੈਨ ਟੇਕ ਸਿੰਘ ਬੰਗੀ ਵੱਲੋਂ ਆਪਣੀ ਸਮੁੱਚੀ ਟੀਮ ਸਮੇਤ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਮੀਡੀਆ ਸਲਾਹਕਾਰ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸੈਕਟਰੀ ਬਲਤੇਜ ਸਿੰਘ ਪੰਨੂ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਹਲਕਾ ਤਲਵੰਡੀ ਸਾਬੋ ਨਾਲ ਸੰਬੰਧਿਤ ਮਸਲਿਆਂ, ਪਾਰਟੀ ਦੀ ਸੰਗਠਨਕ ਮਜ਼ਬੂਤੀ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਰਣਨੀਤਿਕ ਵਿਸ਼ਿਆਂ ’ਤੇ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ। ਇਸ ਦੇ ਨਾਲ ਹੀ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਅਤੇ ਵਿਕਾਸਕਾਰੀ ਉਪਰਾਲਿਆਂ ਨੂੰ ਜਨਤਾ ਤਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਚੇਅਰਮੈਨ ਟੇਕ ਸਿੰਘ ਬੰਗੀ ਨੇ ਕਿਹਾ ਕਿ ਪਾਰਟੀ ਦੇ ਵਰਕਰ ਅਤੇ ਆਗੂ ਜਮੀਨੀ ਪੱਧਰ ’ਤੇ ਮਿਹਨਤ ਕਰ ਰਹੇ ਹਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣਾ ਉਨ੍ਹਾਂ ਦੀ ਪਹਿਲ ਹੈ। ਹਲਕੇ ਦੇ ਵਿਕਾਸ ਲਈ ਲਗਾਤਾਰ ਯਤਨ ਜਾਰੀ ਰਹਿਣਗੇ ਤੇ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਨਾ ਹੀ ਮੁੱਖ ਟੀਚਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਪ੍ਰੀਤ ਸਿੰਘ (ਕੌਂਸਲਰ), ਗੁਰਦੀਪ ਸਿੰਘ ਤੂਰ ਲੇਲੇਵਾਲਾ, ਡਾ. ਰਾਜਵੀਰ ਢਿੱਲੋਂ ਸਮੇਤ ਹਲਕਾ ਤਲਵੰਡੀ ਸਾਬੋ ਤੋਂ ‘ਆਪ’ ਦੇ ਹੋਰ ਆਗੂ ਵੀ ਮੌਜੂਦ ਸਨ। ਸਾਰੇ ਆਗੂਆਂ ਨੇ ਇਕਜੁੱਟ ਹੋ ਕੇ ਪਾਰਟੀ ਦੀ ਨੀਤੀ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਦਾ ਭਰੋਸਾ ਦਿੱਤਾ। ਇਹ ਮੁਲਾਕਾਤ ਸੰਗਠਨਕ ਤੌਰ ’ਤੇ ਇਕ ਸਕਾਰਾਤਮਕ ਕਦਮ ਵਜੋਂ ਦੇਖੀ ਜਾ ਰਹੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ੀ ਮਿਲਣ ਦੀ ਉਮੀਦ ਹੈ।