ਬਾਈਕ ਸਵਾਰ ਦੀ ਸ਼ੱਕੀ ਹਾਲਾਤ ’ਚ ਮੌਤ, ਅਣਪਛਾਤਿਆਂ 'ਤੇ ਕੇਸ
ਮੋਟਰਸਾਈਕਲ ਸਵਾਰ ਦੀ ਸ਼ੱਕੀ ਹਾਲਤਾਂ ਵਿਚ ਮੌਤ, ਅਣਪਛਾਤਿਆਂ 'ਤੇ ਮਾਮਲਾ ਦਰਜ
Publish Date: Sun, 26 Apr 2026 05:57 PM (IST)
Updated Date: Mon, 27 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਬਠਿੰਡਾ ਦੇ ਥਾਣਾ ਕੋਟਫੱਤਾ ਅਧੀਨ ਪੈਂਦੇ ਧੰਨ ਸਿੰਘ ਖਾਨਾ ਰੋਡ ਤੇ ਬਾਈਕ ਸਵਾਰ 19 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਾਲੀ ਥਾਂ ਦੀ ਸਥਿਤੀ ਤੇ ਮ੍ਰਿਤਕ ਦੇ ਸਿਰ ਤੇ ਲੱਗੀ ਸੱਟ ਨੂੰ ਦੇਖਦਿਆਂ ਪਿਤਾ ਨੇ ਪੁੱਤਰ ਦੇ ਕਤਲ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਅਣਪਛਾਤਿਆਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਮ੍ਰਿਤਕ ਲਵਦੀਪ ਸਿੰਘ ਵਾਸੀ ਤਲਵੰਡੀ ਸਾਬੋ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਪਿਤਾ ਨਾਲ ਲੱਕੜ ਦਾ ਕੰਮ ਕਰਨ ਲੱਗ ਪਿਆ ਸੀ। ਘਟਨਾ ਵਾਲੇ ਦਿਨ ਉਹ ਆਪਣੇ ਨਾਨਕੇ ਪਿੰਡ ਲਹਿਰਾ ਮੁਹੱਬਤ ਗਿਆ ਹੋਇਆ ਸੀ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਵਾਪਸ ਤਲਵੰਡੀ ਸਾਬੋ ਜਾ ਰਿਹਾ ਸੀ। ਜਦੋਂ ਉਹ ਕੋਟਫੱਤਾ-ਧੰਨ ਸਿੰਘ ਖਾਨਾ ਰੋਡ ਤੇ ਪਹੁੰਚਿਆ ਤਾਂ ਉੱਥੇ ਉਸ ਨਾਲ ਕੋਈ ਹਾਦਸਾ ਵਾਪਰ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਗੁਰਸੇਵਕ ਸਿੰਘ ਵਾਸੀ ਤਲਵੰਡੀ ਸਾਬੋ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਤਲਾਹ ਮਿਲੀ ਅਤੇ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਲਵਦੀਪ ਸਿੰਘ ਦੇ ਸਿਰ ਵਿਚ ਗੰਭੀਰ ਸੱਟ ਸੀ ਤੇ ਖੂਨ ਨਿਕਲ ਰਿਹਾ ਸੀ। ਉਸਦੀ ਬਾਈਕ ਸੜਕ ਵਿਚਾਲੇ ਪਈ ਸੀ। ਪਿਤਾ ਨੇ ਦੋਸ਼ ਲਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਲਵਦੀਪ ਦੇ ਸਿਰ ਵਿਚ ਸੱਟ ਮਾਰ ਕੇ ਉਸ ਦਾ ਕਤਲ ਕੀਤਾ ਹੈ। ਇਸ ਸਬੰਧੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਰਦਾਤ ਦੀ ਗੁੱਥੀ ਸੁਲਝਾਉਣ ਲਈ ਮਨੁੱਖੀ ਅਤੇ ਤਕਨੀਕੀ ਸਰੋਤਾਂ ਦੀ ਮਦਦ ਲਈ ਜਾਵੇਗੀ ਤਾਂ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਤੇ ਹੋਰ ਸਬੂਤਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।