ਨੌਜਵਾਨ ਮੁੰਡਾ ਤੇ ਕੁੜੀ ਅਗਵਾ, ਇਲਾਕੇ 'ਚ ਸਹਿਮ ਦਾ ਮਾਹੌਲ
ਪੁਲਿਸ ਲਾਈਨ ਨੇੜਿਓਂ ਨੌਜਵਾਨ ਲੜਕਾ,ਲੜਕੀ ਅਗਵਾ, ਇਲਾਕੇ 'ਚ ਸਹਿਮ ਦਾ ਮਾਹੌਲ
Publish Date: Sun, 26 Apr 2026 05:49 PM (IST)
Updated Date: Mon, 27 Apr 2026 04:10 AM (IST)
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਦੇ ਅਤਿ-ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕੇ ਵਿਚ ਸਥਿਤ ਕਾਲੀ ਮਾਤਾ ਮੰਦਰ ਦੇ ਕੋਲੋਂ ਲੰਘੇ ਸ਼ਨੀਵਾਰ ਦੀ ਸਵੇਰ ਚਾਰ ਅਣਪਛਾਤੇ ਕਾਰ ਸਵਾਰ ਵਿਅਕਤੀਆਂ ਵੱਲੋਂ ਇਕ ਨੌਜਵਾਨ ਲੜਕੇ ਅਤੇ ਲੜਕੀ ਨੂੰ ਦਿਨ-ਦਿਹਾੜੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਪਹਿਲਾਂ ਕਥਿਤ ਦੋਸ਼ੀਆਂ ਵੱਲੋਂ ਪੀੜਤ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਗਈ। ਡੀਐਸਪੀ ਦਫ਼ਤਰ ਅਤੇ ਪੁਲਿਸ ਲਾਈਨ ਦੇ ਬਿਲਕੁਲ ਨੱਕ ਹੇਠ ਵਾਪਰੀ ਇਸ ਖੌਫ਼ਨਾਕ ਘਟਨਾ ਨੇ ਸ਼ਹਿਰ ਵਿਚ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ ਅਤੇ ਸਥਾਨਕ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਸਵੇਰੇ ਕਰੀਬ 9 ਤੋਂ 10 ਵਜੇ ਦੇ ਵਿਚਕਾਰ ਦੀ ਹੈ, ਜਦੋਂ ਪੀੜਤ ਲੜਕਾ-ਲੜਕੀ ਮੰਦਰ ਵਿਚ ਮੱਥਾ ਟੇਕਣ ਆਏ ਸਨ। ਇਸੇ ਦੌਰਾਨ ਇਕ ਕਾਰ ਵਿਚ ਸਵਾਰ ਹੋ ਕੇ ਆਏ 4 ਅਣਪਛਾਤੇ ਵਿਅਕਤੀਆਂ ਨੇ ਮੱਥਾ ਟੇਕਣ ਆਏ ਲੜਕਾ ਲੜਕੀ ਨੂੰ ਘੇਰ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਚਸ਼ਮਦੀਦਾਂ ਅਨੁਸਾਰ ਅਗਵਾਕਾਰ ਹਥਿਆਰਬੰਦ ਸਨ ਤੇ ਉਨ੍ਹਾਂ ਨੇ ਲੋਕਾਂ ਦੀ ਭੀੜ ਦੇ ਬਾਵਜੂਦ ਜੋੜੇ ਨੂੰ ਜ਼ਬਰਦਸਤੀ ਕਾਰ ਵਿਚ ਸੁੱਟਿਆ ਅਤੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਜਾਂਚ ਅਧਿਕਾਰੀ ਏਐਸਆਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ 112 'ਤੇ ਆਈ ਕਾਲ ਤੋਂ ਬਾਅਦ ਤੁਰੰਤ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 4 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਅਨੁਸਾਰ ਪੁਲਿਸ ਵੱਲੋਂ ਮੰਦਰ ਅਤੇ ਆਸ-ਪਾਸ ਦੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ, ਤਾਂ ਜੋ ਅਗਵਾਕਾਰਾਂ ਅਤੇ ਵਰਤੀ ਗਈ ਕਾਰ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਕਥਿਤ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇੱਥੇ ਇਹ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਘਟਨਾ ਸਥਾਨ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ 'ਤੇ ਹੀ ਡੀਐਸਪੀ ਸਿਟੀ-1 ਦਾ ਦਫ਼ਤਰ ਅਤੇ ਪੁਲਿਸ ਲਾਈਨ ਸਥਿਤ ਹੈ। ਅਜਿਹੇ ਉੱਚ-ਸੁਰੱਖਿਆ ਵਾਲੇ ਖੇਤਰ ਵਿਚ ਦਿਨ-ਦਿਹਾੜੇ ਅਗਵਾ ਵਰਗੀ ਗੰਭੀਰ ਵਾਰਦਾਤ ਨੂੰ ਅੰਜਾਮ ਦੇਣਾ ਅਪਰਾਧੀਆਂ ਦੇ ਬੁਲੰਦ ਹੌਸਲਿਆਂ ਦੀ ਤਸਵੀਰ ਪੇਸ਼ ਕਰਦਾ ਹੈ। ਚਾਹੇ ਇਹ ਮਾਮਲਾ ਆਪਸੀ ਰੰਜਿਸ਼ ਦਾ ਹੋਵੇ ਜਾਂ ਕਿਸੇ ਅਪਰਾਧਿਕ ਗਿਰੋਹ ਦਾ, ਪਰ ਪੁਲਿਸ ਦੀ ਨੱਕ ਹੇਠੋਂ ਜੋੜੇ ਦਾ ਅਗਵਾ ਹੋਣਾ ਪ੍ਰਸ਼ਾਸਨਿਕ ਸੁਰੱਖਿਆ ਛੱਤਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਵਿਚ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ।