ਵਿਧਾਇਕ ਅਮਿਤ ਰਤਨ ਨੇ ਗੈਸ ਏਜੰਸੀ ਮਾਲਕਾਂ ਦੀ ਪੰਚਾਇਤਾਂ ਨਾਲ ਕਰਵਾਈ ਮੁਲਾਕਾਤ
ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਗੈਸ ਏਜੰਸੀ ਮਾਲਕਾਂ ਦੀ ਮੁਲਾਕਾਤ ਪਿੰਡ ਪੰਚਾਇਤਾਂ ਨਾਲ ਕਰਵਾਈ
Publish Date: Sun, 26 Apr 2026 05:40 PM (IST)
Updated Date: Mon, 27 Apr 2026 04:10 AM (IST)
-10 ਦਿਨਾਂ ’ਚ ਗੈਸ ਸਿਲੰਡਰਾਂ ਦੀ ਸਪਲਾਈ ਨਿਰਵਿਘਨ ਕਰਵਾਉਣ ਦਾ ਭਰੋਸਾ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਵਿਧਾਇਕ ਅਮਿਤ ਰਤਨ ਕੋਟਫੱਤਾ ਵੱਲੋਂ ਸੰਗਤ ਮੰਡੀ ਦੀ ਗੈਸ ਏਜੰਸੀ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਕਾਰਨ ਪਿੰਡ ਪੰਚਾਇਤਾਂ ਦੀ ਮੁਲਾਕਾਤ ਏਜੰਸੀ ਮਾਲਕਾਂ ਨਾਲ ਕਰਵਾਈ ਗਈ। ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਘਰ ਸੱਦੀ ਮੀਟਿੰਗ ਦੌਰਾਨ ਸੰਗਤ ਇੰਡੇਨ ਸਰਵਿਸ ਸੰਗਤ ਮੰਡੀ ਦੇ ਮਾਲਕ ਹਰਸਵਰੂਪ ਚੌਧਰੀ ਅਤੇ ਉਨ੍ਹਾਂ ਦੀ ਪਤਨੀ ਅੰਜੂ ਬਾਲਾ ਤੋਂ ਇਲਾਵਾ ਪਿੰਡ ਫੁੱਲੋ ਮਿੱਠੀ ਦੀ ਪੰਚਾਇਤ ਸਮੇਤ ਕਈ ਹੋਰਨਾਂ ਪਿੰਡਾਂ ਦੇ ਮੋਹਤਬਰ ਵਿਅਕਤੀ ਵੀ ਸ਼ਾਮਲ ਹੋਏ। ਹਲਕਾ ਵਿਧਾਇਕ ਅਮਿਤ ਰਤਨ ਕੋਟਫੱਤਾ ਵੱਲੋਂ ਪਿੰਡ ਪੰਚਾਇਤਾਂ ਦੀਆਂ ਸ਼ਿਕਾਇਤਾਂ ਵਿਸਥਾਰ ਨਾਲ ਸੁਣੀਆਂ ਤੇ ਖਪਤਕਾਰਾਂ ਦੇ ਅਧਿਕਾਰਾਂ ਦੀ ਰਾਖੀ ਦਾ ਉਨ੍ਹਾਂ ਨੂੰ ਭਰੋਸਾ ਦਿੱਤਾ। ਪਿੰਡ ਸੰਗਤ ਕਲਾਂ ਦੇ ਅੰਗਰੇਜ਼ ਸਿੰਘ ਤੇ ਬਲਰਾਜ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਗੈਸ ਏਜੰਸੀ ਵੱਲੋਂ ਉਨ੍ਹਾਂ ਨੂੰ ਗੈਸ ਸਿਲੰਡਰ ਡਿਲੀਵਰੀ ਕੋਡ ਮਿਲਣ ਦੇ ਬਾਵਜੂਦ ਦਿੱਤਾ ਨਹੀਂ ਜਾ ਰਿਹਾ, ਜਦਕਿ ਗੈਸ ਏਜੰਸੀ ਮਾਲਕਾਂ ਵੱਲੋਂ ਏਜੰਸੀ ਦੇ ਖਾਤੇ ’ਚ ਗੈਸ ਸਿਲੰਡਰ ਦੀ ਸਪਲਾਈ ਕੀਤੀ ਜਾ ਰਹੀ ਦੱਸੀ ਗਈ ਹੈ ਪ੍ਰੰਤੂ ਉਨ੍ਹਾਂ ਦੀ ਕਾਪੀ ’ਤੇ ਡਿਲੀਵਰੀ ਦਰਜ ਨਹੀਂ ਹੋਈ ਹੈ।
ਉਕਤ ਦੋਵੇਂ ਭਰਾਵਾਂ ਵੱਲੋਂ ਇਸ ਦੀ ਜਾਂਚ ਦੀ ਮੰਗ ਕੀਤੀ ਹੈ। ਉਥੇ ਮੌਜੂਦ ਮੋਹਤਬਰਾਂ ਨੇ ਦੱਸਿਆ ਕਿ 15 ਅਪ੍ਰੈਲ ਨੂੰ ਗੈਸ ਏਜੰਸੀ ਮੂਹਰੇ ਇਲਾਕੇ ਦੇ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ ਸੀ, ਜਿਥੇ ਏਜੰਸੀ ਮਾਲਕਾਂ ਵੱਲੋਂ ਸਪਲਾਈ ਨਿਰਵਿਘਨ ਦੇਣ ਲਈ 5 ਦਿਨਾ ਦਾ ਸਮਾਂ ਮੰਗਿਆ ਸੀ ਪ੍ਰੰਤੂ ਹਫਤੇ ਤੋਂ ਵੀ ਵੱਧ ਸਮਾਂ ਬੀਤਣ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਅਤੇ ਪ੍ਰਬੰਧਕਾਂ ਵੱਲੋਂ ਲੋਕਾਂ ਦੀ ਭੀੜ ਘੱਟ ਕਰਨ ਲਈ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ। ਹਲਕਾ ਵਿਧਾਇਕ ਵੱਲੋਂ ਏਜੰਸੀ ਮਾਲਕਾਂ ਨੂੰ 10 ਦਿਨਾਂ ਦੀ ਹੋਰ ਮੋਹਲਤ ਢੁੱਕਵੇਂ ਪ੍ਰਬੰਧਾਂ ਲਈ ਦਿੱਤੀ ਗਈ ਹੈ। ਏਜੰਸੀ ਮਾਲਕਾਂ ਵੱਲੋਂ ਪਿੰਡ ਪੰਚਾਇਤਾਂ ਨੂੰ 10 ਦਿਨਾਂ ਅੰਦਰ ਗੈਸ ਸਿਲੰਡਰਾਂ ਦੀ ਸਪਲਾਈ ਨਿਰਵਿਘਨ ਕਰਵਾਏ ਜਾਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਪਿੰਡ ਫੁੱਲੋ ਮਿੱਠੀ ਦੇ ਸਰਪੰਚ ਅਮਰੀਕ ਸਿੰਘ ਮਹਿਰਾਜੀਆ, ਬਹਾਦਰ ਸਿੰਘ ਸਿੱਧੂ, ਜਗਵਿੰਦਰ ਸਿੰਘ ਸਿੱਧੂ, ਪ੍ਰਦੀਪ ਸਿੰਘ ਹੈਪੀ, ਕੁਲਦੀਪ ਸਿੰਘ ਗੁਰਥੜੀ, ਗੁਰਜੀਤ ਸਿੰਘ ਸਿੱਧੂ ਸੰਗਤ, ਪ੍ਰਮਿੰਦਰ ਸਿੰਘ ਚਾਨੀ, ਅਵਤਾਰ ਸਿੰਘ ਸੰਗਤ, ਮਮਨਦੀਪ ਸਿੰਘ ਸੰਗਤ, ਸੁਰਿੰਦਰ ਸ਼ਰਮਾ ਤੇ ਅੰਗਰੇਜ ਸਿੰਘ ਆਦਿ ਮੌਜੂਦ ਸਨ।